‘ਪਹਿਲਗਾਮ ਹਮਲੇ ਬਾਰੇ ਜਾਂਗੜਾ ਦੀ ਟਿੱਪਣੀ ਲਈ ਮੁਆਫ਼ੀ ਮੰਗਣ ਮੋਦੀ’
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਾਅਵਾ ਕੀਤਾ ਕਿ ਭਾਜਪਾ ਆਗੂ ਪਹਿਲਗਾਮ ਪੀੜਤਾਂ ਅਤੇ ਹਥਿਆਰਬੰਦ ਬਲਾਂ ਨੂੰ ਬਦਨਾਮ ਕਰਨ ਲਈ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਲਗਾ ਰਹੇ ਹਨ। ਖੜਗੇ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਇਕ ਪੋਸਟ ਪਾ ਕੇ ਕਿਹਾ, ‘‘ਭਾਜਪਾ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਦੇ ਸ਼ਰਮਨਾਕ ਬਿਆਨ ਨੇ ਇਕ ਵਾਰ ਮੁੜ ਤੋਂ ਆਰਐੱਸਐੱਸ-ਭਾਜਪਾ ਦੀ ਹੋਛੀ ਮਾਨਸਿਕਤਾ ਨੂੰ ਸਾਹਮਣੇ ਲਿਆਂਦਾ ਹੈ। ਜਦੋਂ ਪਹਿਲਗਾਮ ਵਿੱਚ ਸ਼ਹੀਦ ਹੋਏ ਜਲ ਸੈਨਾ ਦੇ ਅਫ਼ਸਰ ਦੀ ਪਤਨੀ ਨੂੰ ਸੋਸ਼ਲ ਮੀਡੀਆ ’ਤੇ ਟਰੋਲ ਕੀਤਾ ਜਾ ਰਿਹਾ ਸੀ, ਉਦੋਂ ਵੀ ਮੋਦੀ ਜੀ ਚੁੱਪ ਸਨ। ਨਰਿੰਦਰ ਮੋਦੀ ਜੀ, ਤੁਸੀ ਕਹਿੰਦੇ ਹੋ ਕਿ ਤੁਹਾਡੀਆਂ ਨਸਾਂ ਵਿੱਚ ਸਿੰਧੂਰ ਵਹਿੰਦਾ ਹੈ...ਜੇਕਰ ਇਹ ਗੱਲ ਹੈ ਤਾਂ ਤੁਹਾਨੂੰ ਔਰਤਾਂ ਦੇ ਸਨਮਾਨ ਲਈ ਆਪਣੇ ਇਨ੍ਹਾਂ ਆਗੂਆਂ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ।’’
ਉੱਧਰ, ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ਉੱਤੇ ਪਾਈ ਪੋਸਟ ਵਿੱਚ ਕਿਹਾ, ‘‘ਸਾਡੀ ਸਪੱਸ਼ਟ ਮੰਗ ਹੈ ਕਿ ਪ੍ਰਧਾਨ ਮੰਤਰੀ ਭਾਜਪਾ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਦੇ ਸ਼ਰਮਨਾਕ ਬਿਆਨ ਲਈ ਮੁਆਫ਼ੀ ਮੰਗਣ ਅਤੇ ਸੰਸਦ ਮੈਂਬਰ ਨੂੰ ਪਾਰਟੀ ’ਚੋਂ ਬਰਖ਼ਾਸਤ ਕਰਨ।’’ -ਪੀਟੀਆਈ