ਪਹਿਲਗਾਮ ਹਮਲੇ ਬਾਰੇ ਚੁੱਪ ਕਾਰਨ ਥਾਣੇਦਾਰ ਵੱਲੋਂ ਅਮਰੀਕੀ ਪ੍ਰਸ਼ਾਸਨ ਦੀ ਆਲੋਚਨਾ
ਹਿਊਸਟਨ, 6 ਮਈ
ਅਮਰੀਕੀ ਕਾਨੂੰਨਸਾਜ਼ ਸ੍ਰੀ ਥਾਣੇਦਾਰ ਨੇ ਅਮਰੀਕੀ ਪ੍ਰਸ਼ਾਸਨ ’ਤੇ ਪਹਿਲਗਾਮ ਅਤਿਵਾਦੀ ਹਮਲੇ, ਜਿਸ ’ਚ 26 ਵਿਅਕਤੀ ਮਾਰੇ ਗਏ ਸਨ, ’ਤੇ ਖੁੱਲ੍ਹ ਦੇ ਪ੍ਰਤੀਕਿਰਿਆ ਨਾ ਦੇਣ ਦਾ ਦੋਸ਼ ਲਾਇਆ। ਹਿੰਦੂ ਐਕਸ਼ਨ ਵੱਲੋਂ ਗਲੋਬਲ ਕਸ਼ਮੀਰੀ ਪੰਡਿਤ ਡਾਇਸਪੋਰਾ (ਜੀਕੇਪੀਡੀ) ਅਤੇ ਕਸ਼ਮੀਰ ਓਵਰਸੀਜ਼ ਐਸੋਸੀਏਸ਼ਨ ਯੂਐੱਸਏ ਨਾਲ ਮਿਲ ਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਡੈਮੋਕਰੈਟ ਆਗੂ ਥਾਣੇਦਾਰ ਨੇ ਕਿਹਾ, ‘ਬਿਆਨ ਕਾਫੀ ਨਹੀਂ ਹਨ, ਕਾਰਵਾਈ ਦੀ ਲੋੜ ਹੈ।’ ਇਹ ਸਮਾਗਮ ਵਾਸ਼ਿੰਗਟਨ ਡੀਸੀ ਦੇ ਰੇਬਰਨ ਹਾਊਸ ਆਫਿਸ ਬਿਲਡਿੰਗ ’ਚ ਕਰਵਾਇਆ ਗਿਆ। ਥਾਣੇਦਾਰ ਨੇ ਹਿੰਦੂ ਅਮਰੀਕੀਆਂ ਨੂੰ ਸਿਆਸੀ ਤੌਰ ’ਤੇ ਇਕਜੁੱਟ ਹੋਣ ਦਾ ਸੱਦਾ ਦਿੱਤਾ ਅਤੇ ਵਾਸ਼ਿੰਗਟਨ ਨੂੰ ਅਪੀਲ ਕੀਤੀ ਕਿ ਭਾਰਤ ਨੂੰ ਹੋਰ ਪ੍ਰਮੁੱਖ ਸਹਿਯੋਗੀਆਂ, ਖਾਸ ਕਰਕੇ ਇਜ਼ਰਾਈਲ ਦੇ ਬਰਾਬਰ ਹੀ ਰਣਨੀਤਕ ਮਹੱਤਵ ਦਿੱਤਾ ਜਾਵੇ। ਹਿੰਦੂ ਐਕਸ਼ਨ ਦੇ ਕਾਰਜਕਾਰੀ ਡਾਇਰੈਕਟਰ ਉਤਸਵ ਚਕਰਵਰਤੀ ਨੇ ਪੀਟੀਆਈ ਨੂੰ ਫੋਨ ’ਤੇ ਦੱਸਿਆ ਕਿ ਇਸ ਮੌਕੇ 22 ਅਪਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ’ਚ ਮਾਰੇ ਗਏ ਲੋਕਾਂ ਦੇ ਨਾਂ ਪੜ੍ਹੇ ਗਏ ਅਤੇ ਭਗਵਦ ਗੀਤਾ ਦੇ ਸ਼ਲੋਕ ਪੜ੍ਹੇ ਗਏ। ਇਸ ਮੌਕੇ ਰੱਖਿਆ ਵਿਭਾਗ ਦੀ ਸਲਾਹਕਾਰ ਕ੍ਰਿਸਟਲ ਕੌਲ ਵੀ ਸ਼ਾਮਲ ਸੀ। -ਪੀਟੀਆਈ