ਪਹਿਲਗਾਮ ਹਮਲੇ ਦੇ ਪੀੜਤਾਂ ਨੇ ‘ਅਪਰੇਸ਼ਨ ਸਿੰਧੂਰ’ ਨੂੰ ਸਲਾਹਿਆ
ਨਵੀਂ ਦਿੱਲੀ, 7 ਮਈ
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਦਹਿਸ਼ਤੀ ਹਮਲੇ ’ਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੇ ਭਾਰਤੀ ਫੌਜਾਂ ਵੱਲੋਂ ਅੱਜ ਪਾਕਿਸਤਾਨ ਤੇ ਉਸ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਨੌਂ ਟਿਕਾਣਿਆਂ ’ਤੇ ਮਿਜ਼ਾਈਲਾਂ ਨੇ ਕੀਤੇ ਹਮਲੇ ’ਤੇ ਤਸੱਲੀ ਪ੍ਰਗਟਾਈ ਹੈ। ਪਹਿਲਗਾਮ ’ਚ 22 ਅਪਰੈਲ ਨੂੰ ਹੋਏ ਹਮਲੇ ’ਚ 26 ਵਿਅਕਤੀ ਮਾਰੇ ਗਏ ਸਨ।
ਹਮਲੇ ’ਚ ਜਾਨ ਗੁਆਉਣ ਵਾਲੇ ਹਰਿਆਣਾ ਦੇ ਲੈਫਟੀਨੈਂਟ ਵਿਨੈ ਨਰਵਾਲ ਦੇ ਪਿਤਾ ਨੇ ਰਾਜੇਸ਼ ਨਰਵਾਲ ਨੇ ਭਾਰਤ ਵੱਲੋਂ ਕੀਤੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ, ‘‘ਦਹਿਸ਼ਤਗਰਦ ਹੁਣ ਦੁਬਾਰਾ ਕੋਈ ਹਰਕਤ ਕਰਨ ਤੋਂ ਪਹਿਲਾਂ 100 ਵਾਰ ਸੋਚਣਗੇ। ਭਾਰਤੀ ਫੌਜ ਵਲੋਂ ਦਹਿਸ਼ਤੀ ਟਿਕਾਣਿਆਂ ’ਤੇ ਕੀਤੇ ਗਏ ਹਮਲੇ ਹਮੇਸ਼ਾ ਉਨ੍ਹਾਂ ਦੇ ਦਿਮਾਗ ’ਚ ਗੂੰਜਦੇ ਰਹਿਣਗੇ।’’ ਕਰਨਾਟਕ ਦੇ ਸ਼ਿਵਮੋਗਾ ’ਚ ਸੁਮਤੀ (ਪਹਿਲਗਾਮ ਹਮਲੇ ’ਚ ਮਰੇ ਮੰਜਨਾਥੂ ਦੀ ਮਾਂ) ਨੇ ਕਿਹਾ, ‘‘ਸਾਨੂੰ ਯਕੀਨ ਸੀ ਕਿ ਮੋਦੀ ਸਹੀ ਫ਼ੈਸਲਾ ਲੈਣਗੇ। ਬੇਕਸੂਰਾਂ ਨੂੰ ਕੁਝ ਨਹੀਂ ਹੋਣਾ ਚਾਹੀਦਾ ਪਰ ਜੋ ਸਾਡੇ ’ਤੇ ਜ਼ੁਲਮ ਦੀ ਕੋਸ਼ਿਸ਼ ਕਰਦੇ ਹਨ, ਉਹ ਬਖਸ਼ੇ ਨਹੀਂ ਜਾਣੇ ਚਾਹੀਦੇ। ਮੈਨੂੰ ਲੱਗਦਾ ਹੈ ਕਿ ਸਹੀ ਫ਼ੈਸਲਾ ਲਿਆ ਗਿਆ ਹੈ।’’
ਹਮਲੇ ’ਚ ਮਾਰੇ ਗਏ ਬੰਗਲੂਰੂ ਦੇ ਭਾਰਤ ਭੂਸ਼ਣ ਦੇ ਪਿਤਾ ਚੰਨਾਵੀਰੱਪਾ ਨੇ ਭਾਰਤੀ ਫੌਜਾਂ ਵੱਲੋਂ ਕੀਤੀ ਜਵਾਬੀ ਕਾਰਵਾਈ ਨੂੰ ਸਲਾਹਿਆ ਅਤੇ ਕਿਹਾ, ‘‘ਇਸ ਅਪਰੇਸ਼ਨ ਦਾ ਨਾਮ ‘ਅਪਰੇਸ਼ਨ ਸਿੰਧੂਰ’ ਬਿਲਕੁਲ ਠੀਕ ਹੈ ਕਿਉਂਕਿ ਉਨ੍ਹਾਂ ਨੇ ਕਈ ਔਰਤਾਂ ਦੇ ‘ਤਿਲਕ’ ਮਿਟਾਏ ਹਨ।’’
ਇੰਦੌਰ ਵਾਸੀ ਸੁਸ਼ੀਲ ਨਾਥਨਿਏਲ ਦੀ ਵਿਧਵਾ ਜੈਨੀਫਰ ਨੇ ਕਿਹਾ ਕਿ ਪਹਿਲਗਾਮ ਹਮਲੇ ’ਚ ਸ਼ਾਮਲ ਚਾਰ ਦਹਿਸ਼ਤਗਰਦ ਮਾਰੇ ਜਾਣੇ ਚਾਹੀਦੇ ਹਨ। ਉਸ ਨੇ ਕਿਹਾ, ‘‘ਜੋ ਵੀ ਹੋਇਆ ਚੰਗਾ ਹੈ, ਪਰ ਉਹ ਚਾਰ ਲੋਕ ਵੀ ਮਾਰੇ ਜਾਣੇ ਚਾਹੀਦੇ ਹਨ। ਇਨ੍ਹਾਂ ਲੋਕਾਂ ਨੇ ਉਹ ਕੁਝ ਕੀਤਾ ਹੈ ਜੋ ਕੋਈ ਜਾਨਵਰ ਵੀ ਨਹੀਂ ਕਰਦਾ। ਇਨ੍ਹਾਂ ਨੂੰ ਵੀ ਅਜਿਹੀ ਹੀ ਸਜ਼ਾ ਮਿਲਣੀ ਚਾਹੀਦੀ ਹੈ।’’
ਕੋਚੀ ਦੇ ਮ੍ਰਿਤਕ ਐੱਨ. ਰਾਮਚੰਦਰਨ ਦੀ ਬੇਟੀ ਆਰਤੀ ਨੇ ਉਮੀਦ ਜਤਾਈ ਕਿ ‘ਅਪਰੇਸ਼ਨ ਸਿੰਧੂਰ’ ਨਾਲ ਪੀੜਤ ਪਰਿਵਾਰਾਂ ਨੂੰ ਕੁਝ ਰਾਹਤ ਮਿਲੇਗੀ। ਪੁਣੇ ਦੇ ਸੰਤੋਸ਼ ਜਗਦਲੇ ਤੇ ਕੌਸਤੁਭ ਗਨਬੋਟੇ ਦੇ ਪਰਿਵਾਰਾਂ ਨੇ ‘ਅਪਰੇਸ਼ਨ ਸਿੰਧੂਰ’ ਨੂੰ ਪਹਿਲਗਾਮ ਹਮਲੇ ਦੇ ਪੀੜਤਾਂ ਨੂੰ ਢੁੱਕਵੀਂ ਸ਼ਰਧਾਂਜਲੀ ਕਰਾਰ ਦਿੱਤਾ ਹੈ। ਸੰਤੋਸ਼ ਦੀ ਪਤਨੀ ਪ੍ਰਗਤੀ ਜਗਦਲੇ ਨੇ ਕਿਹਾ, ‘‘ਦਹਿਸ਼ਤਗਰਦਾਂ ਨੇ ਸਾਡੇ ਸਿੰਧੂਰ ਮਿਟਾਏ ਸਨ ਪਰ ਅੱਜ ਮੈਂ ਖੁਸ਼ ਹਾਂ ਕਿ ‘ਅਪਰੇਸ਼ਨ ਸਿੰਧੂਰ’ ਤਹਿਤ ਸਾਡੀਆਂ ਫੌਜਾਂ ਨੇ ਪਾਕਿਸਤਾਨ ’ਚ ਦਹਿਸ਼ਤਗਰਦਾਂ ਦੇ ਕੈਂਪਾਂ ਨੂੰ ਤਬਾਹ ਕਰ ਦਿੱਤਾ ਹੈ।’’ ਕੌਸਤੁਭ ਦੀ ਪਤਨੀ ਸੰਗੀਤਾ ਨੇ ਕਿਹਾ ਕਿ ਉਹ ਪਹਿਲਗਾਮ ਹਮਲੇ, ਜਿਸ ਨੇ ਕਈ ਔਰਤਾਂ ਦੇ ‘ਸਿੰਧੂਰ’ ਮਿਟਾ ਦਿੱਤੇ, ਦਾ ਭਾਰਤ ਵੱਲੋਂ ਬਦਲਾ ਲੈਣ ਤੋਂ ਖੁਸ਼ ਹੈ। ਮਹਾਰਾਸ਼ਟਰ ’ਚ ਥਾਣੇ ਜ਼ਿਲ੍ਹੇ ਦੇ ਡੋਂਬੀਵਲੀ ’ਚ ਹਰਸ਼ਲ ਲੇਲੇ ਜਿਸ ਦੇ ਪਿਤਾ ਸੰਜੈ ਲੇਲੇ ਤੇ ਦੋ ਹੋਰ ਰਿਸ਼ਤੇਦਾਰ ਪਹਿਲਗਾਮ ਹਮਲੇ ’ਚ ਮਾਰੇ ਗਏ ਸਨ, ਨੇ ਕਿਹਾ, ‘‘ਮੈਂ, ‘‘ਅਪਰੇਸ਼ਨ ਸਿੰਧੂਰ’’ ਤੋਂ ਸੰਤੁਸ਼ਟ ਹਾਂ। ਮੇਰੇ ਮਰਹੂਮ ਪਿਤਾ ਨੂੰ ਹੁਣ ਸ਼ਾਂਤੀ ਮਿਲੇਗੀ।’’ ਪੱਛਮੀ ਬੰਗਾਲ ਦੇ ਸਮੀਰ ਗੁਹਾ ਤੇ ਬੀ. ਅਧਿਕਾਰੀ ਦੇ ਪੀੜਤ ਪਰਿਵਾਰਾਂ ਨੇ ਇਸ ਅਪਰੇਸ਼ਨ ਨੂੰ ‘ਨਿਆਂ ਵੱਲ ਕਦਮ’ ਕਰਾਰ ਦਿੱਤਾ ਤੇ ਕਿਹਾ, ‘‘ਸਾਡੇ ਗੁਆਂਢ ਵਿੱਚੋਂ ਅਤਿਵਾਦ ਦੇ ਖਾਤਮੇ ਲਈ ਅਜਿਹੇ ਹਮਲੇ ਜਾਰੀ ਰਹਿਣੇ ਚਾਹੀਦੇ ਹਨ।’’
ਕਾਨਪੁਰ ਦੇ ਸ਼ੁਭਮ ਦਿਵੇਦੀ ਦੀ ਪਤਨੀ ਅਸ਼ਾਨਿਆ ਨੇ ਕਿਹਾ ਕਿ ਫੌਜ ਨੇ ਉਸ ਦੇ ਪਤੀ ਦੀ ਮੌਤ ਦਾ ਬਦਲਾ ਲੈ ਲਿਆ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਵਾਅਦਾ ਪੁਗਾਇਆ ਹੈ। ਗੁਜਰਾਤ ਦੇ ਭਾਵਨਗਰ ਦੀ ਕਾਜਲਬੇਨ ਪਰਮਾਰ ਜਿਸ ਦਾ ਪਤੀ ਯਤੀਸ਼ ਪਰਮਾਰ ਤੇ ਬੇਟਾ ਸਮਿਤ ਦਹਿਸ਼ਤੀ ਹਮਲੇ ’ਚ ਮਾਰੇ ਗਏ ਸਨ, ਨੇ ਸਰਕਾਰ ਨੂੰ ਅਪੀਲ ਕੀਤੀ ਕਿ ਦਹਿਸ਼ਤਗਰਦਾਂ ਦੇ ਖਾਤਮੇ ਤੱਕ ਪਾਕਿਸਤਾਨ ਖ਼ਿਲਾਫ਼ ਕਾਰਵਾਈ ਜਾਰੀ ਰਹਿਣੀ ਚਾਹੀਦੀ ਹੈ। -ਪੀਟੀਆਈ
ਫੌਜ ਨੇ ਆਪਣੇ ਬੋਲ ਪੁਗਾਏ: ਪ੍ਰਿਆ ਦਰਸ਼ਨੀ
ਉੜੀਸਾ ਦੀ ਪ੍ਰਿਆ ਦਰਸ਼ਨੀ ਅਚਾਰੀਆ, ਜਿਸ ਦੇ ਪਤੀ ਪ੍ਰਸ਼ਾਂਤ ਸਤਪਾਠੀ ਦੀ ਪਹਿਲਗਾਮ ਹਮਲੇ ’ਚ ਮੌਤ ਹੋ ਗਈ ਸੀ, ਨੇ ‘ਅਪਰੇਸ਼ਨ ਸਿੰਧੂਰ ਬਾਰੇ ਕਿਹਾ, ‘‘ਅਜਿਹੇ ਦਲੇਰਾਨਾ ਕਦਮ ਲਈ ਮੈਂ ਸਰਕਾਰ ਦੀ ਧੰਨਵਾਦੀ ਹਾਂ। ਫੌਜ ਦੇ ਜਵਾਨਾਂ ਨੇ ਮੇਰੇ ਪਤੀ ਦੀ ਲਾਸ਼ ਕੋਲ ਮੈਨੂੰ ਭਰੋਸਾ ਦਿੱਤਾ ਸੀ ਕਿ ਕਾਰਵਾਈ ਹੋਵੇਗੀ ਅਤੇ ਅੱਜ ਅਜਿਹਾ ਹੋ ਗਿਆ।’’