ਪਹਿਲਗਾਮ ਹਮਲਾ: ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਨੂੰ ਪੁੱਛੇ ਮੁਸ਼ਕਲ ਸਵਾਲ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 6 ਮਈ
ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਵਧਦੇ ਟਕਰਾਅ ਦਰਮਿਆਨ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ (ਯੂਐੱਨਐੱਸਸੀ) ਨੇ ਬੰਦ ਕਮਰਾ ਮੀਟਿੰਗ ਦੌਰਾਨ ਇਸ ਮੁੱਦੇ ’ਤੇ ਚਰਚਾ ਕੀਤੀ। ਮੀਟਿੰਗ ਵਿਚ ਸ਼ਾਮਲ ਮੈਂਬਰ ਮੁਲਕਾਂ ਨੇ ਜਿੱਥੇ ਦੋਵਾਂ ਮੁਲਕਾਂ ਨੂੰ ਸੰਜਮ ਨਾਲ ਕੰਮ ਲੈਣ ਤੇ ਗੱਲਬਾਤ ਦਾ ਰਾਹ ਅਖ਼ਤਿਆਰ ਕਰਨ ਦਾ ਸੱਦਾ ਦਿੱਤਾ, ਉਥੇ ਪਾਕਿਸਤਾਨ ਨੂੰ ਕੁਝ ‘ਮੁਸ਼ਕਲ ਸਵਾਲ’ ਵੀ ਪੁੱਛੇ। ਸਲਾਮਤੀ ਕੌਂਸਲ ਨੇ ਪਾਕਿਸਤਾਨ ਨੂੰ ਇਸ ਮੁੱਦੇ ਨੂੰ ਭਾਰਤ ਨਾਲ ਦੁਵੱਲੀ ਗੱਲਬਾਤ ਜ਼ਰੀਏ ਸੁਲਝਾਉਣ ਲਈ ਕਿਹਾ ਤੇ ਜਵਾਬਦੇਹੀ ਦੀ ਮੰਗ ਕਰਦਿਆਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ 22 ਅਪਰੈਲ ਨੂੰ ਪਹਿਲਗਾਮ ਵਿਚ ਬੇਕਸੂਰ ਸੈਲਾਨੀਆਂ ਦੇ ਕਤਲੇਆਮ ਵਿਚ ਲਸ਼ਕਰ-ਏ-ਤਇਬਾ ਸ਼ਾਮਲ ਸੀ। ਯੂਐੱਨਐੱਸਸੀ ਦੇ ਮਈ ਮਹੀਨੇ ਲਈ ਪ੍ਰਧਾਨ ਯੂਨਾਨ ਨੇ ਪਾਕਿਸਤਾਨ ਦੀ ਅਪੀਲ ’ਤੇ ਬੀਤੇ ਦਿਨ ਬੈਠਕ ਨਿਰਧਾਰਿਤ ਕੀਤੀ ਸੀ। ਮੌਜੂਦਾ ਸਮੇਂ ਪਾਕਿਸਤਾਨ ਸਲਾਮਤੀ ਕੌਂਸਲ ਦਾ ਅਸਥਾਈ ਮੈਂਬਰ ਹੈ। ਸਲਾਮਤੀ ਕੌਂਸਲ ਦੀ ਮੀਟਿੰਗ ਬੀਤੇ ਦਿਨ ਦੁਪਹਿਰ ਨੂੰ ਕਰੀਬ ਡੇਢ ਘੰਟੇ ਤੱਕ ਚੱਲੀ। ਮੀਟਿੰਗ ਯੂਐੱਨਐੱਸਸੀ ਦੇ ਸਲਾਹ ਮਸ਼ਵਰੇ ਵਾਲੇ ਕਮਰੇ ਵਿਚ ਹੋਈ। ਨਿਊਜ਼ ਏਜੰਸੀ ਏਐੱਨਆਈ ਦੀ ਰਿਪੋਰਟ ਅਨੁਸਾਰ ਯੂਐੱਨਐੱਸਸੀ ਮੈਂਬਰਾਂ ਨੇ ਅੱਜ ਆਪਣੇ ਗੈਰ-ਰਸਮੀ ਸੈਸ਼ਨ ਵਿੱਚ ਪਾਕਿਸਤਾਨ ਨੂੰ ਸਖ਼ਤ ਸਵਾਲ ਪੁੱਛੇ। ਪਾਕਿਸਤਾਨ ਦੀਆਂ ਇਸ ਮਸਲੇ ਦੇ ਆਲਮੀਕਰਨ ਦੀਆਂ ਕੋਸ਼ਿਸ਼ਾਂ ਵੀ ਨਾਕਾਮ ਰਹੀਆਂ। ਪਾਕਿਸਤਾਨ ਨੂੰ ਭਾਰਤ ਨਾਲ ਦੁਵੱਲੇ ਤੌਰ ’ਤੇ ਮੁੱਦਿਆਂ ਨੂੰ ਹੱਲ ਕਰਨ ਦੀ ਸਲਾਹ ਦਿੱਤੀ ਗਈ ਸੀ। ਸਲਾਮਤੀ ਕੌਂਸਲ ਦੇ ਮੈਂਬਰਾਂ ਨੇ ਪਾਕਿਸਤਾਨ ਦੇ ਇਸ ਬਿਆਨ ਨੂੰ ਵੀ ਅਸਵੀਕਾਰ ਕਰ ਦਿੱਤਾ ਕਿ ਇਹ ਦਹਿਸ਼ਤੀ ਹਮਲਾ ਭਾਰਤ ਦੇ ਅੰਦਰੋਂ ਕੀਤਾ ਗਿਆ ਸੀ। ਪੰਦਰਾਂ ਮੈਂਬਰੀ ਯੂਐੱਨਐੱਸਸੀ, ਜਿਸ ਵਿਚ ਪੰਜ ਸਥਾਈ ਤੇ 10 ਅਸਥਾਈ ਮੈਂਬਰ ਹਨ, ਇਹ ਜਾਣਨਾ ਚਾਹੁੰਦੇ ਸਨ ਕਿ ਕੀ ਲਸ਼ਕਰ-ਏ-ਤਇਬਾ, ਜੋ ਕਿ ਪਾਕਿਸਤਾਨ ਤੋਂ ਬਾਹਰ ਅਤਿਵਾਦੀ ਸਮੂਹ ਹੈ, ਪਹਿਲਗਾਮ ਹਮਲੇ ਵਿੱਚ ਸ਼ਾਮਲ ਸੀ। ਇਸਲਾਮਾਬਾਦ ਉਨ੍ਹਾਂ ਦਸ ਅਸਥਾਈ ਮੈਂਬਰਾਂ ਵਿੱਚੋਂ ਇੱਕ ਹੈ ਜੋ ਦੋ ਸਾਲਾਂ ਦੇ ਕਾਰਜਕਾਲ ਲਈ ਯੂਐੱਨਐੱਸਸੀ ਵਿੱਚ ਹਨ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਮੀਟਿੰਗ ਵਿੱਚ ਪਹਿਲਗਾਮ ਅਤਿਵਾਦੀ ਹਮਲੇ ਦੀ ਨਿੰਦਾ ਕੀਤੀ ਅਤੇ ਜਵਾਬਦੇਹੀ ਦੀ ਲੋੜ ’ਤੇ ਜ਼ੋਰ ਦਿੱਤਾ। ਕੁਝ ਮੈਂਬਰਾਂ ਨੇ ਖਾਸ ਤੌਰ ’ਤੇ ਸੈਲਾਨੀਆਂ ਨੂੰ ਉਨ੍ਹਾਂ ਦੇ ਧਾਰਮਿਕ ਅਕੀਦੇ ਦੇ ਆਧਾਰ ’ਤੇ ਨਿਸ਼ਾਨਾ ਬਣਾਉਣ ਦਾ ਮੁੱਦਾ ਉਠਾਇਆ। ਬਹੁਤ ਸਾਰੇ ਮੈਂਬਰਾਂ ਨੇ ਫ਼ਿਕਰ ਜਤਾਇਆ ਕਿ ਪਾਕਿਸਤਾਨ ਦੇ ਮਿਜ਼ਾਈਲ ਟੈਸਟ ਅਤੇ ਪਰਮਾਣੂ ਬਿਆਨਬਾਜ਼ੀ ਤਣਾਅ ਵਧਾਉਣ ਵਾਲੇ ਕਾਰਕ ਸਨ।