ਪਸ਼ੂ ਹਸਪਤਾਲ: ਡਾਕਟਰ ਦੀ ਗ਼ੈਰ-ਹਾਜ਼ਰੀ ਡਿਪਟੀ ਡਾਇਰੈਕਟਰ ਕੋਲ ਪੁੱਜੀ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 20 ਮਈ
ਪਿੰਡ ਗਹਿਲ ਦਾ ਪਸ਼ੂ ਹਸਪਤਾਲ ਦੇ ਡਾਕਟਰ ਉਪਰ ਲੰਬੇ ਸਮੇਂ ਤੋਂ ਡਿਊਟੀ ਉਪਰ ਹਾਜ਼ਰ ਨਾ ਹੋਣ ਦੇ ਪਿੰਡ ਦੇ ਕਿਸਾਨਾਂ ਨੇ ਦੋਸ਼ ਲਗਾਏ ਹਨ। ਇਸ ਸਬੰਧੀ ਪਿੰਡ ਨਾਲ ਸਬੰਧਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦਾ ਇੱਕ ਵਫ਼ਦ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਬਰਨਾਲਾ ਨੂੰ ਮਿਲਿਆ ਹੈ ਅਤੇ ਜਾਂਚ ਕਰਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਜਥੇਬੰਦੀ ਦੇ ਇਕਾਈ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਨੇ ਦੱਸਿਆ ਕਿ ਪਿੰਡ ਦਾ ਪਸ਼ੂ ਹਸਪਤਾਲ ਲੰਬੇ ਸਮੇਂ ਤੋਂ ਬੰਦ ਵਾਂਗ ਹੈ। ਇੱਥੇ ਇੱਕ ਡਾਕਟਰੀ ਦੀ ਡਿਊਟੀ ਹੈ, ਪਰ ਉਹ ਲੰਬੇ ਸਮੇਂ ਤੋਂ ਡਿਊਟੀ ’ਤੇ ਹਾਜ਼ਰ ਨਹੀਂ ਹੋ ਰਿਹਾ। ਇਤਿਹਾਸਕ ਪਿੰਡ ਗਹਿਲ ਵਿੱਚ ਲੋਕ ਵੱਡੇ ਪੱਧਰ ’ਤੇ ਪਸ਼ੂ ਪਾਲਣ ਦਾ ਕਿੱਤਾ ਕਰਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਜਦ ਕੋਈ ਪਸ਼ੂ ਬਿਮਾਰ ਹੋ ਜਾਂਦਾ ਹੈ ਤਾਂ ਲੋਕਾਂ ਨੂੰ ਪ੍ਰਾਈਵੇਟ ਡਾਕਟਰ ਤੋਂ ਲੁੱਟ ਕਰਵਾਉਣੀ ਪੈਂਦੀ ਹੈ ਤੇ ਉਨ੍ਹਾਂ ਤੋਂ ਸਹੀ ਇਲਾਜ ਵੀ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਡਿਪਟੀ ਡਾਇਰੈਟਰ ਨੂੰ ਮਿਲ ਕੇ ਡਿਊਟੀ ’ਤੇ ਹਾਜ਼ਰ ਨਾ ਹੋਣ ਵਾਲੇ ਡਾਕਟਰ ਦੀ ਜਾਂਚ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਥੇ ਹਸਪਤਾਲ ਵਿੱਚ ਵਧੀਆ ਡਾਕਟਰ ਮੁਹੱਈਆ ਕਰਵਾਉਣ ਦੀ ਵੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਸ਼ੂ ਹਸਪਤਾਲ ਵਿੱਚ ਜਲਦ ਡਾਕਟਰ ਨਾ ਤਾਇਨਾਤ ਕੀਤਾ ਗਿਆ ਤਾਂ ਪਿੰਡ ਵਾਸੀਆਂ ਅਤੇ ਜਥੇਬੰਦੀ ਦੀ ਬਲਾਕ ਕਮੇਟੀ ਮਹਿਲ ਕਲਾਂ ਦੀ ਅਗਵਾਈ ਵਿੱਚ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਜਥੇਬੰਦੀ ਆਗੂ ਹਰਦੇਵ ਸਿੰਘ, ਜਗਪਾਲ ਸਿੰਘ, ਦਲਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।
ਮੇਰੇ ’ਤੇ ਲੱਗੇ ਦੋਸ਼ ਬੇਬੁਨਿਆਦ: ਡਾਕਟਰ
ਇਸ ਸਬੰਧੀ ਹਸਪਤਾਲ ਦੇ ਵੈਟਰਨਰੀ ਡਾ. ਹਤਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਸ ’ਤੇ ਲਾਏ ਜਾ ਰਹੇ ਦੋਸ਼ ਝੂਠੇ ਹਨ। ਉਹ ਲਗਾਤਾਰ ਆਪਣੀ ਡਿਊਟੀ ’ਤੇ ਆ ਰਿਹਾ ਹੈ। ਉਸ ਕਿਹਾ ਕਿ ਦੋਸ਼ ਲਗਾਉਣ ਵਾਲੇ ਵਿਅਕਤੀਆਂ ਨੇ ਇੱਕ ਦਿਨ ਵੀ ਉਸ ਨਾਲ ਕੋਈ ਸੰਪਰਕ ਨਹੀਂ ਕੀਤਾ। ਉਹ ਹਰ ਤਰ੍ਹਾਂ ਦੀ ਵਿਭਾਗੀ ਜਾਂਚ ਲਈ ਤਿਆਰ ਹੈ।