ਪਸ਼ੂ ਪਾਲਣ ਵਿਭਾਗ ਦੇ ਮੁਲਾਜ਼ਮਾਂ ਨੇ ਖੇਤੀਬਾੜੀ ਮੰਤਰੀ ਖੁੱਡੀਆਂ ਖ਼ਿਲਾਫ਼ ਮੋਰਚਾ ਖੋਲ੍ਹਿਆ
ਖੇਤਰੀ ਪ੍ਰਤੀਨਿਧ
ਪਟਿਆਲਾ, 5 ਜਨਵਰੀ
ਇੱਥੇ ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਸਬ-ਕਮੇਟੀ ਪਸ਼ੂ ਪਾਲਣ ਵਿਭਾਗ ਦੀ ਮੀਟਿੰਗ ਸੂਬਾ ਸਬ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਬਰਨਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਤੇ ਸ਼ਹਿਰੀ ਪ੍ਰਧਾਨ ਰਾਮ ਲਾਲ ਰਾਮਾਵੀ ਸ਼ਾਮਲ ਹੋਏ। ਮੀਟਿੰਗ ਵਿੱਚ ਪਸ਼ੂ ਪਾਲਣ ਵਿਭਾਗ ਦੇ ਚੌਥਾ ਦਰਜਾ ਕਰਮਚਾਰੀਆਂ ਦੀ ਪਦਉਨਤੀਆਂ ਸਬੰਧੀ ਖਾਲੀ ਪਈਆਂ 1183 ਅਸਾਮੀਆਂ ਦੀ ਭਰਤੀ ਸ਼ੁਰੂ ਕਰਨ, ਸਾਰੇ ਕੱਚੇ ਕਾਮਿਆਂ ਨੂੰ ਪੱਕਾ ਕਰਨਾ ਸਮੇਤ ਦੋ ਦਰਜਨ ਮੰਗਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਫੈਸਲਾ ਕੀਤਾ ਗਿਆ ਕਿ ਮੰਗਾਂ ਨੂੰ ਮੰਨਵਾਉਣ ਅਤੇ ਪ੍ਰਮੋਸ਼ਨ ਚੈਨਲ ਬਣਾਉਣ ਲਈ 21 ਜਨਵਰੀ ਨੂੰ ਪੰਜਾਬ ਦੇ ਸਾਰੇ ਖੇਤਰੀ ਡਿਪਟੀ ਡਾਇਰੈਕਟਰਾਂ ਨੂੰ ਮੰਗਾਂ ਦੇ ਬਾਅਦ ਪੱਤਰ ਗੇਟ ਮੀਟਿੰਗਾਂ ਕਰਕੇ ਪਸ਼ੂ ਪਾਲਣ ਮੰਤਰੀ, ਪ੍ਰਮੁੱਖ ਸਕੱਤਰ ਪਸ਼ੂ ਪਾਲਣ ਅਤੇ ਡਾਇਰੈਕਟਰ ਪਸ਼ੂ ਪਲਣ ਪੰਜਾਬ ਨੂੰ ਭਿਜਵਾਏ ਜਾਣਗੇ। ਜੇਕਰ ਮੰਗਾਂ ਦਾ ਨਿਪਟਾਰਾ ਗੱਲਬਾਤ ਰਾਹੀਂ ਨਾ ਕੀਤਾ ਗਿਆ ਤਾਂ 8 ਫਰਵਰੀ ਨੂੰ ਪਸ਼ੂ ਪਾਲਣ ਮੰਤਰੀ ਦੇ ਵਿਧਾਨ ਸਭਾ ਹਲਕਾ ਲੰਬੀ ਵਿਖੇ ਝੰਡਾ ਮਾਰਚ ਕਰਕੇ ਅਗਲੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ। ਮੀਟਿੰਗ ਵਿੱਚ ਗੌਤਮ ਭਾਰਦਵਾਜ, ਇਕਬਾਲ ਸਿੰਘ, ਰਾਮ ਸਿੰਘ, ਗੁਰਮੇਲ ਸਿੰਘ, ਗੁਰਦੀਪ ਸਿੰਘ, ਅਮੋਲਕ ਸਿੰਘ, ਛੋਟਾ ਸਿੰਘ ਸੰਗਰੂਰ, ਮੇਵਾ ਸਿੰਘ ਬਰਨਾਲਾ, ਬਹਾਦਰ ਸਿੰਘ ਮੁਹਾਲੀ ਤੇ ਜਸਪਾਲ ਸਿੰਘ ਪਟਿਆਲਾ ਆਦਿ ਆਗੂ ਵੀ ਸ਼ਾਮਿਲ ਹੋਏ ਜਿਨ੍ਹਾਂ ਨੇ ਇਸ ਮੌਕੇ ਸੰਕੇਤਕ ਪ੍ਰਰਦਸ਼ਨ ਵੀ ਕੀਤਾ।