ਪਲਾਸਟਿਕ ਪ੍ਰਦੂਸ਼ਣ ਖਿਲਾਫ਼ ਜਾਗਰੂਕਤਾ ਮੁਹਿੰਮ
ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਜੂਨ
ਵਾਤਾਵਰਨ ਸੰਭਾਲ ਸੁਸਾਇਟੀ ਵੱਲੋਂ ਸਿੱਖਿਆ ਬਲਾਕ ਮਾਂਗਟ ਤਿੰਨ ਦੇ ਬੀਪੀਈਓ ਸੁਖਦੇਵ ਸਿੰਘ ਹਠੂਰ ਦੀ ਅਗਵਾਈ ਵਿੱਚ ਤੇ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ ਦੇ ਸਹਿਯੋਗ ਨਾਲ ਪਲਾਸਟਿਕ ਪ੍ਰਦੂਸ਼ਣ ਖਿਲਾਫ਼ ਜਾਗਰੂਕਤਾ ਮੁਹਿੰਮ ਵਿੱਢੀ ਗਈ। ਸੰਸਥਾ ਦੇ ਮੁਖੀ ਜਗਜੀਤ ਸਿੰਘ ਮਾਨ ਨੇ ਦੱਸਿਆ ਕਿ ਯੂਨਾਈਟਿਡ ਨੇਸ਼ਨਜ਼ ਵੱਲੋਂ ਸਾਲ 2025 ਨੂੰ ‘ਪਲਾਸਟਿਕ ਪ੍ਰਦੂਸ਼ਣ ਖਿਲਾਫ਼ ਇਕਜੁੱਟਤਾ ਅਤੇ ਸਮੂਹਿਕ ਕਾਰਵਾਈ’ ਵੱਜੋਂ ਐਲਾਨ ਕੀਤਾ ਗਿਆ ਹੈ ਜਿਸ ਦੀ ਮੇਜ਼ਬਾਨੀ ਰਿਪਬਲਿਕ ਆਫ ਕੋਰੀਆ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਲਾਸਟਿਕ ਦੇ ਲਿਫਾਫਿਆਂ ਜਿਨ੍ਹਾਂ ਵਿੱਚ ਸਾਮਾਨ ਆਉਂਦਾ ਹੈ ਤੇ ਮਗਰੋਂ ਕੂੜਾ ਪਾ ਕੇ ਇਹ ਬਾਹਰ ਸੁੱਟ ਦਿੱਤੇ ਜਾਂਦੇ ਹਨ। ਕਈ ਵਾਰ ਸੜਕਾਂ ’ਤੇ ਫਿਰਨ ਵਾਲੇ ਜਾਨਵਰ ਇਨ੍ਹਾਂ ਨੂੰ ਖਾ ਜਾਂਦੇ ਹਨ ਤੇ ਮਰ ਜਾਂਦੇ ਹਨ। ਪਲਾਸਟਿਕ ਨੂੰ ਅੱਗ ਲਗਾਉਣ ਨਾਲ ਇਸ ਵਿੱਚੋਂ ਨਿਕਲਣ ਵਾਲੀਆਂ ਜਹਿਰੀਲੀਆਂ ਗੈਸਾਂ ਕਾਰਨ ਕੈਂਸਰ, ਸਾਹ ਤੇ ਚਮੜੀ ਦੇ ਰੋਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਪਲਾਸਟਿਕ ਦੀਆਂ ਕਈ ਕਿਸਮਾਂ ਨੂੰ ਕੁਦਰਤੀ ਤੌਰ ਤੇ ਗਲਣ ਲਈ ਲਗਭਗ ਦੋ ਸੌ ਤੋਂ ਹਜ਼ਾਰ ਸਾਲ ਦਾ ਸਮਾ ਲਗਦਾ ਹੈ, ਦੀ ਥਾਂ ਤੇ ਵਾਤਾਵਰਨ ਅਨੁਕੂਲ ਬਾਇਓਪਲਾਸਟਿਕ ਜਿਹੜਾ ਕਿ ਆਲੂ , ਸੋਇਆਬੀਨ , ਗੰਨਾ ਤੇ ਮੱਕੀ ਤੋਂ ਬਣਦਾ ਹੈ, ਪੱਤਿਆਂ ਦੇ ਬਰਤਨ ਅਤੇ ਕਪੜਿਆਂ ਦੇ ਝੋਲਿਆਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਸ ਵਿੱਚ ਸਕੂਲ ਅਤੇ ਵਿਦਿਆਰਥੀ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਇਸ ਮੌਕੇ ਸੁਖਚੈਨ, ਸੁਹੰਜਣਾ ,ਗੁਲਮੋਹਰ ਆਦਿ ਦੇ ਬੂਟੇ ਵੀ ਲਗਾਏ ਗਏ। ਹਾਜਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਦੀ ਸਹੁੰ ਚੁੱਕੀ। ਬੀ ਪੀ ਈ ਓ ਸ਼੍ਰੀ ਹਠੂਰ ਨੇ ਕਿਹਾ ਕਿ ਇਸ ਮੁਹਿੰਮ ਨਾਲ ਬਲਾਕ ਦੇ ਸਾਰੇ ਪ੍ਰਾਇਮਰੀ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਜੋੜਨ ਦੀ ਯੋਜਨਾ ਉਲੀਕੀ ਜਾਵੇਗੀ। ਇਸ ਮੌਕੇ ਸੀ ਐੱਚ ਟੀ ਮੈਡਮ ਕਮਲਜੀਤ ਕੌਰ, ਹੈੱਡ ਟੀਚਰ ਸੁਪਨਦੀਪ ਕੌਰ, ਜਸਪ੍ਰੀਤ ਕੌਰ, ਅਮਨਦੀਪ ਸਿੰਘ ਖੇੜਾ , ਜੋਗੇਸ਼ ਲੂਥਰਾ , ਪੂਨਮ ਰਾਣੀ ,ਵਨੀਤਾ, ਹਰਜੀਤ ਕੌਰ, ਸੁਮੇਰ ਪ੍ਰਤਾਪ ਸਿੰਘ ਮਾਨ ਤੇ ਹੋਰ ਵਿਦਿਆਰਥੀ ਹਾਜ਼ਰ ਸਨ।