ਪਰਿਵਾਰਕ ਝਗੜੇ ਕਾਰਨ ਨੂੰਹ ਨੂੰ ਪਛਾਣ ਪੱਤਰ ਵਿੱਚ ਮਰੀ ਦਿਖਾਇਆ
ਦਵਿੰਦਰ ਸਿੰਘ
ਯਮੁਨਾ ਨਗਰ, 17 ਮਈ
ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਇੱਕ ਗੰਭੀਰ ਮਾਮਲੇ ਦੀ ਜਾਂਚ ਕਰਵਾਈ ਜਿਸ ਵਿਚ ਪਤਾ ਲੱਗਿਆ ਕਿ ਬੁੜੀਆ ਕਸਬੇ ਦੇ ਰਹਿਣ ਵਾਲੇ ਯੂਸਫ਼ ਨੇ ਆਪਣੀ ਨੂੰਹ ਸਮੀਨਾ ਨੂੰ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਮ੍ਰਿਤਕ ਦਿਖਾ ਕੇ ਪਰਿਵਾਰਕ ਪਛਾਣ ਪੱਤਰ ਤੋਂ ਉਸ ਦਾ ਨਾਮ ਹਟਾ ਦਿੱਤਾ ਸੀ। ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ, ਸੂਚਨਾ ਵਿਭਾਗ ਦੇ ਅਧਿਕਾਰੀ ਆਦਿ ਬੁੜੀਆ ਨਿਵਾਸੀ ਸਮੀਨਾ ਦੇ ਘਰ ਗਏ ਅਤੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮ੍ਰਿਤਕ ਦਿਖਾਈ ਗਈ ਔਰਤ ਜ਼ਿੰਦਾ ਹੈ। ਸਮੀਨਾ ਨੇ ਦੱਸਿਆ ਕਿ ਉਸਦੇ ਸਹੁਰੇ ਯੂਸਫ਼ ਨੇ ਝਗੜੇ ਤੇ ਸਾਜ਼ਿਸ਼ ਤਹਿਤ ਉਸ ਦਾ ਨਾਮ ਹਟਾਇਆ ਸੀ। ਉਹ ਲਗਾਤਾਰ ਆਪਣੇ ਆਪ ਨੂੰ ਜ਼ਿੰਦਾ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਮੀਨਾ ਨੇ ਮੁੱਖ ਤੌਰ ’ਤੇ ਆਪਣੇ ਸਹੁਰੇ ਯੂਸਫ਼ ਅਤੇ ਪਤੀ ਲਿਆਕਤ ਅਲੀ ਨੂੰ ਉਸ ਦਾ ਡੈੱਥ ਸਰਟੀਫਿਕੇਟ (ਮੌਤ ਸਰਟੀਫਿਕੇਟ) ਬਣਵਾਉਣ ਲਈ ਜ਼ਿੰਮੇਵਾਰ ਠਹਿਰਾਇਆ। ਸਮੀਨਾ ਨੇ ਅਧਿਕਾਰੀਆਂ ਅਤੇ ਵਧੀਕ ਡਿਪਟੀ ਕਮਿਸ਼ਨਰ ਅਤੇ ਖਾਸ ਕਰਕੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ। ਪਰਿਵਾਰਕ ਪਛਾਣ ਪੱਤਰ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਮ੍ਰਿਤਕ ਦਿਖਾਈ ਗਈ ਔਰਤ ਦਾ ਨਾਮ ਪਰਿਵਾਰਕ ਪਛਾਣ ਪੱਤਰ ਵਿੱਚ ਦੁਬਾਰਾ ਜੋੜ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਕਿਹਾ ਕਿ ਅਜਿਹੇ ਜਾਅਲੀ ਦਸਤਾਵੇਜ਼ ਨਹੀਂ ਬਣਾਉਣੇ ਚਾਹੀਦੇ ਅਤੇ ਨਾ ਹੀ ਉਨ੍ਹਾਂ ਦੀ ਦੁਰਵਰਤੋਂ ਕਰਨੀ ਚਾਹੀਦੀ ਹੈ।