ਪਰਾਲੀ ਨੂੰ ਅੱਗ ਲਗਾਉਣ ਵਾਲੇ ਅੱਧੀ ਦਰਜਨ ਕਿਸਾਨਾਂ ਖ਼ਿਲਾਫ਼ ਕੇਸ
ਧਿਆਨ ਸਿੰਘ ਭਗਤ
ਕਪੂਰਥਲਾ, 30 ਅਕਤੂਬਰ
ਸਬ-ਡਿਵੀਜ਼ਨ ਮੈਜਿਸਟਰੇਟ ਕਪੂਰਥਲਾ ਡਾ. ਇਰਵਨ ਕੌਰ ਦੀ ਅਗਵਾਈ ਵਿੱਚ ਵੱਖ-ਵੱਖ ਟੀਮਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਵਾਲੇ ਛੇ ਕਿਸਾਨਾਂ ਦੇ ਚਲਾਨ ਕਰ ਕੇ ਜੁਰਮਾਨਾ ਵਸੂਲਿਆ ਗਿਆ। ਐੱਸਡੀਐੱਮ ਵੱਲੋਂ ਅੱਜ ਭਵਾਨੀਪੁਰ, ਮਜਾਦਪੁਰ ਅਤੇ ਰੰਧਾਵਾ ਪਿੰਡ ਵਿੱਚ ਖੇਤਾਂ ਵਿੱਚ ਲਗਾਈ ਗਈ ਅੱਗ ਦਾ ਮੌਕੇ ’ਤੇ ਜਾ ਕੇ ਜਾਇਜ਼ਾ ਲੈਂਦਿਆਂ ਅੱਗ ਲਗਾਉਣ ਵਾਲੇ 5 ਕਿਸਾਨਾਂ ਦੇ 2500 ਰੁਪਏ ਅਤੇ ਇਕ ਕਿਸਾਨ ਨੂੰ 5 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ। ਜੋ ਕਿ ਵਿਭਾਗੀ ਅਧਿਕਾਰੀਆਂ ਵੱਲੋਂ ਮੌਕੇ ਤੇ ਵਸੂਲਿਆ ਗਿਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਕੇਸਾਂ ਵਿੱਚ ਫੱਤੂਢੀਂਗਾ, ਕੋਤਵਾਲੀ ਅਤੇ ਸੁਭਾਨਪੁਰ ਪੁਲੀਸ ਥਾਣੇ ਵਿੱਚ ਐਫਆਈਆਰ ਵੀ ਦਰਜ ਕਰਵਾਈ ਗਈ ਹੈ। ਉਨ੍ਹਾਂ ਕਪੂਰਥਲਾ ਸਬ-ਡਿਵੀਜ਼ਨ ਵਿੱਚ ਪੈਂਦੇ ਥਾਣਿਆਂ ਅਤੇ ਚੌਕੀਆਂ ਦੇ ਇੰਚਾਰਜਾਂ ਨੂੰ ਲਗਾਤਾਰ ਗਸ਼ਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਸਬਸਿਡੀ ਉਪਰ ਵੱਡੀ ਗਿਣਤੀ ਵਿੱਚ ਦਿੱਤੀਆਂ ਮਸ਼ੀਨਾਂ ਦੀ ਯੋਗ ਵਰਤੋਂ ਕਰਦੇ ਹੋਏ ਪਰਾਲੀ ਦਾ ਖੇਤਾਂ ਵਿੱਚ ਹੀ ਨਿਬੇੜਾ ਕਰਨ। ਇਸ ਨਾਲ ਨਾ ਸਿਰਫ਼ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚਦਾ ਹੈ ਬਲਕਿ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ।