ਪਰਸ ਖੋਹਣ ਵਾਲਾ ਮੁਲਜ਼ਮ ਪੁਲੀਸ ਹਿਰਾਸਤ ਵਿੱਚੋਂ ਫਰਾਰ
ਐੱਨਪੀ ਧਵਨ
ਪਠਾਨਕੋਟ, 14 ਜੂਨ
ਸਥਾਨਕ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਲਈ ਲਿਜਾਇਆ ਗਿਆ ਮੁਲਜ਼ਮ ਹੱਥਕੜੀ ਵਿੱਚੋਂ ਆਪਣਾ ਕੱਢ ਕੇ ਫਰਾਰ ਹੋ ਗਿਆ। ਪੁਲੀਸ ਮੁਲਾਜ਼ਮ ਉਸ ਦੇ ਪਿੱਛੇ ਵੀ ਭੱਜੇ ਪਰ ਉਹ ਹੱਥ ਨਾ ਆਇਆ। ਇਹ ਸਾਰੀ ਘਟਨਾ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ। ਉਸ ਦੇ ਭੱਜ ਜਾਣ ਨਾਲ ਸਬੰਧਤ ਪੁਲੀਸ ਮੁਲਾਜ਼ਮਾਂ ਦੇ ਹੱਥ ਪੈਰ ਫੁੱਲ ਗਏ ਹਨ। ਉਕਤ ਮੁਲਜ਼ਮ ਦਾ ਨਾਂ ਦੀਪਕ ਕੁਮਾਰ ਉਰਫ਼ ਦੀਪੂ ਪੁੱਤਰ ਉਪਦੇਸ਼ ਕੁਮਾਰ ਵਾਸੀ ਪਿੰਡ ਰਹੀਮਪੁਰ ਬਾਸਾ ਰਾਏਪੁਰ ਕਥਲੌਰ ਦੱਸਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਦੀਪਕ ਕੁਮਾਰ ਉਰਫ਼ ਦੀਪੂ ਨੂੰ ਤਾਰਾਗੜ੍ਹ ਥਾਣੇ ਦੀ ਪੁਲੀਸ ਨੇ ਐਨਡੀਪੀਐਸ ਐਕਟ ਦੇ ਮਾਮਲੇ ਵਿੱਚ ਫੜਿਆ ਸੀ ਅਤੇ ਇਸ ਕੋਲੋਂ 20 ਗਰਾਮ ਹੈਰੋਇਨ ਅਤੇ 700 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਸੀ। ਇਸ ਨੇ ਮੁੱਢਲੀ ਪੁੱਛ-ਪੜਤਾਲ ਵਿੱਚ ਮੰਨਿਆ ਸੀ ਕਿ ਉਸ ਨੇ 10 ਜੂਨ ਨੂੰ ਸਕੂਟੀ ਤੇ ਜਾ ਰਹੀ ਅਧਿਆਪਕਾ ਮੋਨਿਕਾ ਪਤਨੀ ਸੁਰਿੰਦਰ ਕੁਮਾਰ ਵਾਸੀ ਨਿਊ ਗੁਗਰਾਂ ਕੋਲੋਂ ਸੁਜਾਨਪੁਰ ਦੇ ਪੁਲ ਨੰਬਰ-5 ਕੋਲ ਮੋਟਰਸਾਈਕਲ ਸਵਾਰ ਆਪਣੇ ਸਾਥੀ ਨਾਲ ਝਪਟ ਕੇ ਉਸ ਦਾ ਪਰਸ ਖੋਹ ਲਿਆ ਸੀ। ਪਰਸ ਵਿੱਚ 30 ਹਜ਼ਾਰ ਰੁਪਏ ਦੀ ਨਕਦੀ ਅਤੇ ਇੱਕ ਮੋਬਾਈਲ ਫੋਨ ਸੀ।
ਤਾਰਾਗੜ੍ਹ ਥਾਣੇ ਦੀ ਪੁਲੀਸ ਉਕਤ ਮੁਲਜ਼ਮ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲੈ ਕੇ ਆਈ ਤਾਂ ਮੈਡੀਕਲ ਕਰਵਾਉਣ ਬਾਅਦ ਪੁਲੀਸ ਮੁਲਾਜ਼ਮ ਹਸਪਤਾਲ ਦੇ ਬਾਹਰ ਕਿਸੇ ਦਸਤਾਵੇਜ਼ ਦੀ ਫੋਟੋ ਸਟੇਟ ਕਰਵਾਉਣ ਲਈ ਗਏ ਤਾਂ ਉਥੇ ਮੁਲਜ਼ਮ ਨੇ ਪੁਲੀਸ ਮੁਲਾਜ਼ਮਾਂ ਨੂੰ ਹੱਥਕੜੀ ਜ਼ਿਆਦਾ ਤੰਗ ਹੋਣ ਦਾ ਹਵਾਲਾ ਦਿੰਦੇ ਹੋਏ ਢਿੱਲੀ ਕਰਨ ਲਈ ਕਿਹਾ। ਜਦ ਪੁਲੀਸ ਮੁਲਾਜ਼ਮ ਢਿੱਲੀ ਕਰ ਰਿਹਾ ਸੀ ਤਾਂ ਉਹ ਫੁਰਤੀ ਨਾਲ ਆਪਣਾ ਹੱਥ ਬਾਹਰ ਕੱਢ ਕੇ ਫਰਾਰ ਹੋ ਗਿਆ।
ਡੀਐਸਪੀ (ਦਿਹਾਤੀ) ਸੁਖਜਿੰਦਰ ਸਿੰਘ ਥਾਪਰ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਜਾਰੀ ਹੈ।