ਪਰਵਾਸੀ ਮਜ਼ਦੂਰ ਵੱਲੋਂ ਪਤਨੀ ਤੇ ਸੱਸ ’ਤੇ ਬੱਚਾ ਵੇਚਣ ਦਾ ਦੋਸ਼
ਜਗਤਾਰ ਸਮਾਲਸਰ
ਏਲਨਾਬਾਦ, 11 ਦਸੰਬਰ
ਰਾਣੀਆਂ ਸ਼ਹਿਰ ’ਚ ਰਹਿਣ ਵਾਲੇ ਪਰਵਾਸੀ ਮਜ਼ਦੂਰ ਨੇ ਆਪਣੀ ਪਤਨੀ ਅਤੇ ਸੱਸ ’ਤੇ ਉਸ ਦੇ ਨਵਜੰਮੇ ਬੱਚੇ ਨੂੰ ਵੇਚਣ ਦਾ ਗੰਭੀਰ ਦੋਸ਼ ਲਾਇਆ ਹੈ। ਇਸ ਮਾਮਲੇ ਦੀ ਸ਼ਿਕਾਇਤ ਕਰੀਬ ਦੋ ਹਫ਼ਤੇ ਪਹਿਲਾਂ ਪੁਲੀਸ ਨੂੰ ਦਿੱਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ। ਹੁਣ ਮਜ਼ਦੂਰ ਨੇ ਆਪਣੀ ਆਵਾਜ਼ ਮੀਡੀਆ ਕੋਲ ਉਠਾਈ ਹੈ ਜਿਸ ਮਗਰੋਂ ਪੁਲੀਸ ਹਰਕਤ ਵਿੱਚ ਆ ਗਈ ਹੈ। ਸ਼ਿਕਾਇਤਕਰਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਇਸ ਸਮੇਂ ਉਹ ਅਬੂਬ ਸ਼ਹਿਰ ਮਜ਼ਦੂਰੀ ਕਰਨ ਲਈ ਗਿਆ ਹੋਇਆ ਸੀ। ਉਸ ਦੇ ਪਿੱਛੋਂ ਉਸ ਦੀ ਪਤਨੀ ਨੇ ਬੱਚੇ ਨੂੰ ਜਨਮ ਦਿੱਤਾ। ਪੀੜਤ ਵਿਅਕਤੀ ਨੇ ਦੋਸ਼ ਲਾਇਆ ਕਿ ਜਣੇਪੇ ਬਾਰੇ ਉਸ ਨੂੰ ਸੂਚਨਾ ਨਾ ਦੇ ਕੇ ਉਸ ਦੀ ਪਤਨੀ ਅਤੇ ਸੱਸ ਨੇ ਯੋਜਨਾਬੱਧ ਤਰੀਕੇ ਨਾਲ ਪੰਜਾਬ ਵਿੱਚ ਨਵਜੰਮੇ ਬੱਚੇ ਨੂੰ ਵੇਚ ਦਿੱਤਾ ਹੈ। ਜਾਂਚ ਅਧਿਕਾਰੀ ਬਹਾਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਸ਼ਿਕਾਇਤ ਉਨ੍ਹਾਂ ਕੋਲ ਆਈ ਹੈ। ਪੁਲੀਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਪੜਤਾਲ ਕਰ ਕੇ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।