ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਸੜੀਆਂ
ਕਰਮਜੀਤ ਸਿੰਘ ਚਿੱਲਾ
ਬਨੂੜ, 16 ਜੂਨ
ਇੱਥੇ ਸ਼ਮਸ਼ਾਨਘਾਟ ਨੇੜੇ ਵਾਰਡ ਨੰਬਰ-13 ਵਿੱਚ ਅੱਜ ਤੜਕੇ ਦੋ ਵਜੇ ਪਰਵਾਸੀ ਮਜ਼ਦੂਰਾਂ ਦੀਆਂ ਪੰਜ ਝੁੱਗੀਆਂ ਅੱਗ ਲੱਗਣ ਨਾਲ ਸੜ ਗਈਆਂ। ਝੁੱਗੀਆਂ ਵਿਚਲਾ ਨਿੱਤ ਵਰਤੋਂ ਦਾ ਸਾਮਾਨ ਵੀ ਸੜ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੀੜਤ ਮਜ਼ਦੂਰਾਂ ਨੇ ਦੱਸਿਆ ਕਿ ਉਹ ਚਾਰ ਸਾਲਾਂ ਤੋਂ ਇਨ੍ਹਾਂ ਝੁੱਗੀਆਂ ਵਿੱਚ ਪਰਿਵਾਰਾਂ ਸਣੇ ਰਹਿ ਰਹੇ ਅਤੇ ਮਜ਼ਦੂਰੀ ਕਰ ਕੇ ਗੁਜ਼ਾਰਾ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਤੜਕੇ ਦੋ ਕੁ ਵਜੇ ਦੇ ਕਰੀਬ ਅਚਾਨਕ ਇੱਕ ਝੁੱਗੀ ਨੂੰ ਅੱਗ ਲੱਗ ਗਈ। ਇਸ ਦਾ ਪਤਾ ਲੱਗਣ ’ਤੇ ਉਨ੍ਹਾਂ ਨੇ ਦੂਜੀਆਂ ਝੁੱਗੀਆਂ ਵਿੱਚੋਂ ਵੀ ਸੁੱਤੇ ਪਏ ਪਰਿਵਾਰਾਂ ਨੂੰ ਬਾਹਰ ਕੱਢਿਆ ਅਤੇ ਇਸ ਅੱਗ ’ਤੇ ਕਾਬੂ ਪਾਉਣ ਲੱਗ ਗਏ।
ਉਨ੍ਹਾਂ ਕਿਹਾ ਕਿ ਅੱਗ ’ਤੇ ਕਾਬੂ ਨਾ ਪੈਣ ਕਾਰਨ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਮੌਕੇ ’ਤੇ ਪਹੁੰਚ ਕੇ ਮੁਸ਼ਕਲ ਨਾਲ ਅੱਗ ਬੁਝਾਈ। ਅੱਗ ਨਾਲ ਝੁੱਗੀਆਂ ਅਤੇ ਉਨ੍ਹਾਂ ਵਿੱਚ ਰੱਖਿਆ ਹੋਇਆ ਸਾਮਾਨ ਸੜ ਗਿਆ। ਅੱਗ ਦੀ ਘਟਨਾ ਬਾਰੇ ਪਤਾ ਲੱਗਣ ’ਤੇ ਥਾਣਾ ਬਨੂੜ ਦੇ ਡਿਊਟੀ ਅਫ਼ਸਰ ਏਐੱਸਆਈ ਜਸਵਿੰਦਰ ਪਾਲ ਵੀ ਪੁਲੀਸ ਪਾਰਟੀ ਨਾਲ ਘਟਨਾ ਸਥਾਨ ’ਤੇ ਪਹੁੰਚੇ ਅਤੇ ਉਨ੍ਹਾਂ ਆਪਣੇ ਤੌਰ ’ਤੇ ਪੀੜਤ ਪਰਿਵਾਰਾਂ ਨੂੰ ਖਾਣ-ਪੀਣ ਦਾ ਸਾਮਾਨ ਖ਼ਰੀਦ ਕੇ ਦਿੱਤਾ।