ਪਰਵਾਨੇ ਮੇਰੇ ਪਿੰਡ ਦੇ
ਹਰਨੇਕ ਸਿੰਘ ਘੜੂੰਆਂ
ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਇੱਕ ਦਰਦ ਭਰੀ ਆਵਾਜ਼ ਫ਼ਿਜ਼ਾ ਨੂੰ ਦਰਦ ਵਿੱਚ ਵਲ੍ਹੇਟ ਦੇਂਦੀ। ਇਹ ਆਵਾਜ਼ ਸ੍ਰੀ ਨਰਾਇਣ ਸਿੰਘ ਨਿਹੰਗ ਦੀ ਸੀ। ‘ਨਾਭੇ ਨੂੰ ਨਾ ਜਾਈਂ ਚੰਨ ਵੇ ਉੱਥੇ ਪੈਂਦੀ ਡਾਂਗਾਂ ਦੀ ਮਾਰ।’ ਉਹ ਇੱਕ ਹੂਕ ਜਿਹੀ ਆਵਾਜ਼ ਕੱਢਦਾ। ਅਸਲ ਵਿੱਚ ਇਹ ਜੈਤੋ ਦੇ ਮੋਰਚੇ ਦਾ ਦਰਦ ਸੀ। ਕਿਸੇ ਨੂੰ ਪਤਾ ਨਹੀਂ ਕਿ ਨਰਾਇਣ ਸਿੰਘ ਨਿਹੰਗ ਕੌਣ ਸੀ ਅਤੇ ਕਿੱਥੋਂ ਆਉਂਦਾ, ਕਿੱਥੇ ਚਲਿਆ ਜਾਂਦਾ ਹੈ। ਇਹ ਪਤਾ ਹੈ ਕਿ ਉਹ ਮਹੀਨਾ ਭਰ ਸਾਡੇ ਪਿੰਡ ਦੇ ਨਾਹਰ ਪੱਤੀ ਦੇ ਦਰਵਾਜ਼ੇ ਵਿੱਚ ਠਹਿਰਦਾ। ਇਹ ਸਵੇਰੇ ਸਾਝਰੇ ਹੱਥ ਵਿੱਚ ਗੜਵਾ ਲੈ ਕੇ ਦੁੱਧ ਦੀ ਗਜ਼ਾ ਕਰਦਾ। ਉਹੋ ਵਿਰਲਾਪ ਵਰਗੀ ਆਵਾਜ਼ ’ਚ ਬੋਲਦਾ ਰਹਿੰਦਾ।
ਪਰ ਮੌਤ ਦੇ ਸੰਨਾਟੇ ਵਰਗੇ ਹਾਲਾਤ ਵਿੱਚ ਵੀ ਗੁਰੂ ਦੇ ਸਿੰਘ ਸਿਰ ’ਤੇ ਕੱਫਣ ਬੰਨ੍ਹ ਕੇ ਜੈਤੋ ਧੁੱਸ ਦੇ ਕੇ ਘੁਸ ਜਾਂਦੇ। ਮੇਰੇ ਪਿੰਡ ਦੇ ਕੁਝ ਸੱਜਣਾਂ ਨੇ ਤਲਵਾਰ ਦੀ ਧਾਰ ’ਤੇ ਤੁਰਨਾ ਪਰਵਾਨ ਕਰ ਲਿਆ। ਇਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ: (1) ਜੋਗਿੰਦਰ ਸਿੰਘ, ਮੁਨਸ਼ਾ ਸਿੰਘ, ਚਪੜਾਸੀ ਦਾ ਭਾਈ, (2) ਅਜੀਤ ਸਿੰਘ ਤਹਿਸੀਲਦਾਰਾਂ ਦੇ ਪਰਿਵਾਰ ਵਿੱਚੋਂ, (3) ਸਿਆਮਾ ਪੱਤੀ ਉਚਾਂਦ, (4) ਨਿਹਾਲ ਸਿੰਘ ਦੱਗੋ ਪੱਤੀ ਅਤੇ (5) ਆਤਮਾ ਸਿੰਘ ਮਿਸਤਰੀ। ਪੁਲੀਸ ਨੇ ਇਨ੍ਹਾਂ ਸਾਰੇ ਸੱਜਣਾਂ ਨੂੰ ਕੁੱਟ ਕੁੱਟ ਕੇ ਸੜਕ ’ਤੇ ਲਿਟਾ ਦਿੱਤਾ ਤੇ ਇਹ ਮੁੜ ਸਿਹਤਯਾਬ ਨਹੀਂ ਹੋ ਸਕੇ। ਉਮਰ ਭਰ ਇਨ੍ਹਾਂ ਲੋਕਾਂ ਨੇ ਬਿਮਾਰਾਂ ਵਾਲੀ ਜ਼ਿੰਦਗੀ ਬਤੀਤ ਕੀਤੀ।
ਇੱਕ ਜੋੜਾ ਹੋਰ ਬੱਬਰ ਅਕਾਲੀ ਲਹਿਰ ਵਿੱਚ ਕੁੱਦਿਆ, ਇਨ੍ਹਾਂ ਦਾ ਨਾਂ ਸੀ ਮੰਨਾ ਸਿੰਘ ਤੇ ਮਾਤਾ ਜੀ ਦਾ ਨਾਮ ਸੀ ਸ੍ਰੀਮਤੀ ਪ੍ਰੇਮ ਕੌਰ। ਮੰਨਾ ਸਿੰਘ ਆਪਣੇ ਨਿਸ਼ਾਨੇ ’ਤੇ ਬਿਜਲੀ ਵਾਂਗੂੰ ਝਪਟਦਾ ਤੇ ਇਸ ਕਰਕੇ ਇਸ ਦਾ ਨਾਂ ਬਿਜਲਾ ਸਿੰਘ ਪੈ ਗਿਆ। ਕਾਫ਼ੀ ਦੇਰ ਇਸ ਜੋੜੀ ਨੇ ਆਪਣੀਆਂ ਗਤੀਵਿਧੀਆਂ ਜਾਰੀ ਰੱਖੀਆਂ, ਅੰਤ ਵਿੱਚ ਇਹ ਜੋੜੀ ਲਾਹੌਰ ਤੋਂ ਗ੍ਰਿਫ਼ਤਾਰ ਕਰ ਲਈ ਗਈ। ਇਨ੍ਹਾਂ ਨੂੰ ਮੀਆਂਵਾਲੀ ਜੇਲ੍ਹ ਭੇਜ ਦਿੱਤਾ ਗਿਆ। ਮੀਆਂਵਾਲੀ ਸਭ ਤੋਂ ਸਖ਼ਤ ਜੇਲ੍ਹ ਸੀ ਅਤੇ ਜੇਲ੍ਹਰ ਬੜਾ ਹੀ ਅੱਖੜ ਕਿਸਮ ਦਾ ਬੰਦਾ ਸੀ। ਇੱਕ ਦਿਨ ਮਾਤਾ ਪ੍ਰੇਮ ਕੌਰ ਦੀ ਜੇਲ੍ਹਰ ਨਾਲ ਤੂੰ-ਤੂੰ, ਮੈਂ-ਮੈਂ ਹੋ ਗਈ। ਜੇਲ੍ਹਰ ਨੇ ਗੁੱਸੇ ਵਿੱਚ ਆ ਕੇ ਮਾਤਾ ਪ੍ਰੇਮ ਕੌਰ ਦੇ ਪੇਟ ਵਿੱਚ ਜ਼ੋਰਦਾਰ ਲੱਤ ਮਾਰੀ। ਇਸ ਨਾਲ ਉਸ ਦੇ ਪੇਟ ਦਾ ਬੱਚਾ ਛਣ ਗਿਆ। ਫਿਰ ਬਿਜਲਾ ਸਿੰਘ ਨੇ ਗਾਤਰੇ ਨਾਲ ਜੇਲ੍ਹਰ ਨੂੰ ਖ਼ੂਨ ਨਾਲ ਲੱਥਪੱਥ ਕਰ ਦਿੱਤਾ। ਜੇਲ੍ਹਰ ਦੀ ਗੋਲੀ ਦਾ ਇੱਕ ਛੱਰਾ ਬਿਜਲਾ ਸਿੰਘ ਦੀ ਅੱਖ ਦੇ ਕੋਏ ਵਿੱਚ ਧਸ ਗਿਆ। ਬਾਅਦ ਵਿੱਚ ਅੱਖ ਬੈਠ ਗਈ। ਇੱਥੇ ਇਨ੍ਹਾਂ ਨੇ ਢਾਈ ਸਾਲ ਜੇਲ੍ਹ ਕੱਟੀ। ਇੱਕ ਵਾਰ ਪੁਲੀਸ ਪਾਰਟੀ ਬਿਜਲਾ ਸਿੰਘ ਨੂੰ ਗ੍ਰਿਫ਼ਤਾਰ ਕਰਨ ਗਈ ਤਦ ਮਾਤਾ ਪ੍ਰੇਮ ਕੌਰ ਥਾਣੇਦਾਰ ਦੀ ਘੋੜੀ ਭਜਾ ਕੇ ਲੈ ਗਈ। ਭਾਵੇਂ
ਤਬਿਜਲਾ ਸਿੰਘ ਦੇ ਬਾਰੇ ਕੁਝ ਕਿੰਤੂ ਪ੍ਰੰਤੂ ਵੀ ਹੁੰਦਾ ਹੈ, ਪਰ ਫਿਰ ਵੀ ਉਸ ਦੀ ਕੁਰਬਾਨੀ ਨੂੰ ਛੋਟਿਆਂ ਕਰਕੇ ਨਹੀਂ ਦੇਖਿਆ ਜਾ ਸਕਦਾ।
ਭਾਈ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਜਾਨੀ ਖਾਂ ਤੇ ਮਾਨੀ ਖਾਂ ਨੂੰ ਘੜੂੰਏਂ ਦੇ ਲੁਹਾਰ ਰਣ ਸਿੰਘ ਤੇ ਦਲ ਸਿੰਘ ਦੇ ਹਥੌੜਿਆਂ ਨਾਲ ਮਾਰਨ ਦਾ ਜ਼ਿਕਰ ਕੀਤਾ ਹੈ। ਬਹੁਤ ਪੁਣ-ਛਾਣ ਕਰਨ ਦੇ ਬਾਵਜੂਦ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ। ਜਾਨੀ ਖਾਂ ਤੇ ਮਾਨੀ ਖਾਂ ਮੋਰਿੰਡੇ ਥਾਣੇ ਵਿੱਚ ਥਾਣੇਦਾਰ ਸਨ ਜੋ ਦਸਮ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਕੇ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਲੈ ਗਏ ਸਨ।
ਹੁਣ ਇਹ ਪਤਾ ਕਿਸ ਤਰ੍ਹਾਂ ਚੱਲੇ ਕਿ ਰਣ ਸਿੰਘ
ਦਲ ਸਿੰਘ ਕਿਸ ਪਰਿਵਾਰ ਵਿੱਚੋਂ ਸਨ। ਕਿੱਥੇ ਉਨ੍ਹਾਂ ਦਾ ਘਰ-ਬਾਰ ਸੀ। ਇਹ ਬੰਦ ਕਮਰੇ ਵਿੱਚ ਬੁਝਾਰਤ ਬਣ ਕੇ ਰਹਿ ਗਈ।
ਅਚਾਨਕ ਇੱਕ ਦਿਨ ਮੈਂ ਆਪਣੇ ਪਿੰਡ ਦੇ ਮਿਸਤਰੀ ਕਰਮ ਸਿੰਘ ਢੋਲਾ ਨਾਲ ਗੱਲਬਾਤ ਕਰ ਰਿਹਾ ਸੀ, ਉਸ ਨੇ ਮੇਰੀ ਸਾਰੀ ਤਾਣੀ ਸੁਲਝਾ ਦਿੱਤੀ। ਹਾਲਾਂਕਿ ਸਾਰਾ ਦੋ ਚਾਰ ਜਮਾਤਾਂ ਪੜ੍ਹਿਆ ਹੋਇਆ ਹੈ। ਕਰਮ ਸਿੰਘ ਨੇ ਕਰਤਾਰ ਸਿੰਘ ਕਲਾਸਵਾਲਾ ਦੇ ਹਵਾਲੇ ਨਾਲ ਦੱਸਿਆ ਕਿ ਜਾਨੀ ਖਾਂ, ਮਾਨੀ ਖਾਂ ਨੂੰ ਹਰਸੇ ਦਿਆਂ ਦੇ ਖ਼ਾਨਦਾਨ ਵਿੱਚੋਂ ਜਸਵੰਤ ਸਿੰਘ ਤੇ ਕੁਲਵੰਤ ਸਿੰਘ ਨੇ ਮਾਰਿਆ ਸੀ। ਕਰਤਾਰ ਸਿੰਘ ਕਲਾਸਵਾਲਾ ਲੰਮਾ ਸਮਾਂ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਰਿਹਾ ਤੇ ਇੱਕ ਨਾਮਵਰ ਇਤਿਹਾਸਕਾਰ ਸੀ। ਜਾਨੀ ਖਾਂ ਤੇ ਮਾਨੀ ਖਾਂ ਹਰ ਉਸ ਪਰਿਵਾਰ ’ਤੇ ਨਜ਼ਰ ਰੱਖਦੇ ਜੋ ਸਿੰਘਾਂ ਦੀ ਟਹਿਲ ਸੇਵਾ ਕਰਦਾ। ਹਰਸੇ ਦਿਆਂ ਦਾ ਪਰਿਵਾਰ ਸਿੰਘਾਂ ਦੀ ਟਹਿਲ ਸੇਵਾ ਕਰਦਾ ਸੀ। ਇੱਕ ਦਿਨ ਜਾਨੀ ਖਾਂ ਤੇ ਮਾਨੀ ਖਾਂ ਪੁਲੀਸ ਟੁਕੜੀ ਲੈ ਕੇ ਜਸਵੰਤ ਸਿੰਘ ਤੇ ਕੁਲਵੰਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪਿੰਡ ਘੜੂੰਏਂ ਪਹੁੰਚ ਗਏ। ਪਿੰਡ ਪਹੁੰਚਣ ’ਤੇ ਪਤਾ ਚੱਲਿਆ ਕਿ ਜਸਵੰਤ ਸਿੰਘ ਤੇ ਕੁਲਵੰਤ ਸਿੰਘ ਦੋਵੇਂ ਭਰਾ ਲੁਹਾਰਾਂ ਦੇ ਕਾਰਖਾਨੇ ਵਿੱਚ ਬੈਠੇ ਹਨ। ਇਸ ਤੋਂ ਬਾਅਦ ਦੋਵੇਂ ਭਰਾਵਾਂ ਦੀ ਪੁਲੀਸ ਪਾਰਟੀ ਨਾਲ ਲੜਾਈ ਹੋਈ। ਗੁਰੂ ਦੇ ਸਿੰਘਾਂ ਨੇ ਸਾਰੀ ਪੁਲੀਸ ਹਥੌੜਿਆਂ ਨਾਲ ਮਾਰ ਮੁਕਾ ਦਿੱਤੀ। ਇੱਥੇ ਭਾਈ ਰਤਨ ਸਿੰਘ ਭੰਗੂ ਹਥੌੜਿਆਂ ਦਾ ਜ਼ਿਕਰ ਆਉਣ ’ਤੇ ਸਿੰਘਾਂ ਨੂੰ ਲੁਹਾਰ ਸਮਝ ਬੈਠੇ। ਉਸ ਤੋਂ ਬਾਅਦ ਮੋਰਿੰਡੇ ਦੇ ਰੰਘੜਾਂ ਦਾ ਬਹੁਤ ਵੱਡਾ ਇਕੱਠ ਦੋਵੇਂ ਸਿੰਘਾਂ ਨੂੰ ਕਾਬੂ ਕਰਨ ਆਇਆ। ਭਾਵੇਂ ਰੰਘੜ ਆਹਮਣੇ-ਸਾਹਮਣੇ ਦੀ ਲੜਾਈ ਨਹੀਂ ਕਰ ਸਕੇ, ਪਰ ਉਨ੍ਹਾਂ ਨੇ ਤੀਰਾਂ ਨਾਲ ਸ਼ਹੀਦ ਕੀਤਾ। ਇਸ ਪਰਿਵਾਰ ਦੇ ਘਰ ਵਿੱਚ ਮੈਂ ਵੀ ਨਿੱਕਾ ਹੁੰਦਾ ਖੇਡਣ ਜਾਂਦਾ ਸੀ। ਇਨ੍ਹਾਂ ਦੇ ਘਰ ਵਿੱਚ ਮੈਂ ਮੋਰਚੇ ਬਣੇ ਦੇਖੇ ਹਨ। ਮੈਂ ਉਹ ਲੁਹਾਰਾਂ ਦਾ ਕਾਰਖ਼ਾਨਾ ਵੀ ਦੇਖਿਆ, ਜਿੱਥੇ ਰੰਘੜਾਂ ਨਾਲ ਸਿੰਘਾਂ ਦੀ ਲੜਾਈ ਹੋਈ। ਸਾਡੇ ਵੇਲੇ ਇਸ ਨੂੰ ਤਰਲੋਕੇ ਦਾ ਕਾਰਖ਼ਾਨਾ ਕਹਿੰਦੇ ਸਨ। ਇਹ ਸਾਡੇ ਜੱਦੀ ਪੁਰਖੀ ਲੁਹਾਰ ਸਨ। ਮੈਂ ਵੀ ਛੋਟਾ ਹੁੰਦਾ ਇਸ ਕਾਰਖ਼ਾਨੇ ਵਿੱਚ ਬੈਠਦਾ ਹੁੰਦਾ ਸੀ। ਇਨ੍ਹਾਂ ਸ਼ਹੀਦਾਂ ਦੀਆਂ ਸਮਾਧਾਂ ਝਾਟੇ ਦਿਆਂ ਦੇ ਸੱਜਣ ਦੇ ਖੇਤ ਵਿੱਚ ਹਨ। ਮੁਰੱਬੇਬੰਦੀ ਤੋਂ ਪਹਿਲਾਂ ਇਹ ਹਰਸੇ ਦਿਆਂ ਦਾ ਖੇਤ ਹੁੰਦਾ ਸੀ। ਅਫ਼ਸੋਸ ਅੱਜ ਅਸੀਂ ਆਪਣੇ ਸ਼ਹੀਦਾਂ ਦੇ ਨਾਮ ਤੱਕ ਵੀ ਨਹੀਂ ਜਾਣਦੇ। ਕਿੰਨਾ ਚੰਗਾ ਹੋਵੇ ਜੇਕਰ ਅਸੀਂ ਇਨ੍ਹਾਂ ਪਰਵਾਨਿਆਂ ਦੇ ਨਾਂ ’ਤੇ ਸਾਲ ਵਿੱਚ ਜੋੜ ਮੇਲਾ ਮਨਾਈਏ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਸੇਧ ਮਿਲ ਸਕੇ।
ਸੰਪਰਕ: 98156-28998