ਪਰਮਾਣੂ ਹਥਿਆਰਾਂ ਦੀ ਨਿਗਰਾਨੀ ਹੋਵੇ: ਰਾਜਨਾਥ
ਸ੍ਰੀਨਗਰ, 15 ਮਈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਪਾਕਿਸਤਾਨ ਦੇ ਹੱਥਾਂ ’ਚ ਪਰਮਾਣੂ ਹਥਿਆਰਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਨ੍ਹਾਂ ਹਥਿਆਰਾਂ ਨੂੰ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਦੀ ਨਿਗਰਾਨੀ ਹੇਠ ਲਿਆਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੁਆਂਢੀ ਮੁਲਕ ਨਾਲ ਗੱਲਬਾਤ ਸਿਰਫ਼ ਅਤਿਵਾਦ ਤੇ ਮਕਬੂਜ਼ਾ ਕਸ਼ਮੀਰ ਦੇ ਮੁੱਦੇ ’ਤੇ ਹੀ ਹੋਵੇਗੀ। ਰੱਖਿਆ ਮੰਤਰੀ ਨੇ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਤੋਂ ਕੁਝ ਦਿਨ ਬਾਅਦ ਕੀਤੀ ਹੈ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਵੱਲੋਂ ਕੀਤੇ ਜਾਣ ਵਾਲੇ ‘ਨਿਊਕਲੀਅਰ ਬਲੈਕਮੇਲ’ ਨੂੰ ਭਾਰਤ ਸਹਿਣ ਨਹੀਂ ਕਰੇਗਾ ਅਤੇ ਸਰਹੱਦ ਪਾਰੋਂ ਹੋਣ ਵਾਲੇ ਅਤਿਵਾਦ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ।
‘ਅਪਰੇਸ਼ਨ ਸਿੰਧੂਰ’ ਤੋਂ ਬਾਅਦ ਜੰਮੂ ਕਸ਼ਮੀਰ ਦੀ ਆਪਣੀ ਪਹਿਲੀ ਯਾਤਰਾ ’ਤੇ ਆਏ ਰੱਖਿਆ ਮੰਤਰੀ ਨੇ ਸੈਨਿਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੁਹਿੰਮ ਨੇ ਅਤਿਵਾਦੀ ਸੰਗਠਨਾਂ ਤੇ ਪਾਕਿਸਤਾਨ ’ਚ ਉਨ੍ਹਾਂ ਦੇ ਆਕਾਵਾਂ ਨੂੰ ਸਪੱਸ਼ਟ ਤੌਰ ’ਤੇ ਦਸ ਦਿੱਤਾ ਹੈ ਕਿ ਉਹ ਕਿਤੇ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਅਤਿਵਾਦ ਖ਼ਿਲਾਫ਼ ਭਾਰਤ ਦਾ ਅਹਿਦ ਕਿੰਨਾ ਮਜ਼ਬੂਤ ਹੈ, ਇਸ ਦਾ ਅਨੁਮਾਨ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੇ ਪਾਕਿਸਤਾਨ ਦੀ ਪਰਮਾਣੂ ਧਮਕੀ ਵੱਲ ਵੀ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ, ‘ਸਾਰੀ ਦੁਨੀਆ ਨੇ ਦੇਖਿਆ ਹੈ ਕਿ ਪਾਕਿਸਤਾਨ ਨੇ ਕਿੰਨੇ ਗ਼ੈਰ-ਜ਼ਿੰਮੇਵਾਰੀ ਵਾਲੇ ਢੰਗ ਨਾਲ ਕਈ ਵਾਰ ਭਾਰਤ ਨੂੰ ਪਰਮਾਣੂ ਧਮਕੀ ਦਿੱਤੀ ਹੈ।’ ਉਨ੍ਹਾਂ ਕਿਹਾ, ‘ਮੈਂ ਸਾਰੀ ਦੁਨੀਆ ਸਾਹਮਣੇ ਇਹ ਸਵਾਲ ਉਠਾਉਣਾ ਚਾਹੁੰਦਾ ਹਾਂ ਕਿ ਪਾਕਿਸਤਾਨ ਜੋ ਇੱਕ ਗ਼ੈਰ-ਜ਼ਿੰਮੇਵਾਰ ਮੁਲਕ ਹੈ, ਕੀ ਉਸ ਦੇ ਹੱਥਾਂ ’ਚ ਪਰਮਾਣੂ ਹਥਿਆਰ ਸੁਰੱਖਿਅਤ ਹਨ?’ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਨੂੰ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਦੀ ਨਿਗਰਾਨੀ ਹੇਠ ਲਿਆਂਦਾ ਜਾਣਾ ਚਾਹੀਦਾ ਹੈ। ਰੱਖਿਆ ਮੰਤਰੀ ਨੇ ‘ਅਪਰੇਸ਼ਨ ਸਿੰਧੂਰ’ ਨੂੰ ਭਾਰਤ ਵੱਲੋਂ ਅਤਿਵਾਦ ਖ਼ਿਲਾਫ਼ ਇਤਿਹਾਸ ’ਚ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ ਦੱਸਿਆ। ਉਨ੍ਹਾਂ ਕਿਹਾ, ‘ਸਾਡੇ ਪ੍ਰਧਾਨ ਮੰਤਰੀ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਅਤਿਵਾਦ ਤੇ ਵਾਰਤਾ ਇਕੱਠੇ ਨਹੀਂ ਚੱਲ ਸਕਦੇ ਅਤੇ ਵਾਰਤਾ ਹੋਵੇਗੀ ਤਾਂ ਸਿਰਫ਼ ਅਤਿਵਾਦ ਤੇ ਮਕਬੂਜ਼ਾ ਕਸ਼ਮੀਰ ਬਾਰੇ ਹੋਵੇਗੀ।’ ਇਸ ਦੌਰਾਨ ਰੱਖਿਆ ਮੰਤਰੀ ਨੇ ਭਾਰਤੀ ਸੈਨਾ ਦੇ ਜਵਾਨਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ। -ਪੀਟੀਆਈ
ਕਿਸੇ ਪਾਕਿ ਪਰਮਾਣੂ ਅੱਡੇ ’ਚੋਂ ਰੇਡੀਏਸ਼ਨ ਨਹੀਂ ਨਿਕਲੀ: ਆਈਏਈਏ
ਨਵੀਂ ਦਿੱਲੀ: ਆਲਮੀ ਪਰਮਾਣੂ ਨਿਗਰਾਨ ਸੰਸਥਾ ਆਈਏਈਏ ਨੇ ਕਿਹਾ ਹੈ ਕਿ ਭਾਰਤ ਨਾਲ ਹੋਏ ਹਾਲੀਆ ਫੌਜੀ ਸੰਘਰਸ਼ ਦੌਰਾਨ ਪਾਕਿਸਤਾਨ ’ਚ ਕਿਸੇ ਵੀ ਪਰਮਾਣੂ ਅੱਡੇ ਤੋਂ ਕੋਈ ਰੇਡੀਏਸ਼ਨ ਨਿਕਾਸੀ ਨਹੀਂ ਹੋਈ। ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ (ਆਈਏਈਏ) ਦਾ ਇਹ ਬਿਆਨ ਸੋਸ਼ਲ ਮੀਡੀਆ ’ਤੇ ਕੀਤੇ ਜਾ ਰਹੇ ਇਨ੍ਹਾਂ ਦਾਅਵਿਆਂ ਵਿਚਾਲੇ ਆਇਆ ਹੈ ਕਿ ‘ਅਪਰੇਸ਼ਨ ਸਿੰਧੂਰ’ ਦੌਰਾਨ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਦੇ ਪਰਮਾਣੂ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਸੀ। ਆਈਏਈਏ ਦੇ ਬੁਲਾਰੇ ਨੇ ਕਿਹਾ, ‘ਆਈਏਈਏ ਨੂੰ ਮਿਲੀ ਜਾਣਕਾਰੀ ਦੇ ਆਧਾਰ ’ਤੇ ਪਾਕਿਸਤਾਨ ’ਚ ਕਿਸੇ ਵੀ ਪਰਮਾਣੂ ਅੱਡੇ ਤੋਂ ਰੇਡੀਏਸ਼ਨ ਦੀ ਕੋਈ ਨਿਕਾਸੀ ਨਹੀਂ ਹੋਈ ਹੈ।’ ਇਸ ਤੋਂ ਪਹਿਲਾਂ ਏਅਰ ਮਾਰਸ਼ਲ ਏਕੇ ਭਾਰਤੀ ਨੇ ਵੀ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਸੀ ਕਿ ਭਾਰਤ ਵੱਲੋਂ ਕਿਰਾਨਾ ਹਿੱਲਜ਼ ’ਤੇ ਹਮਲੇ ਕੀਤੇ ਗਏ ਹਨ ਜਿੱਥੇ ਪਾਕਿਸਤਾਨ ਦੇ ਪਰਮਾਣੂ ਅੱਡੇ ਹਨ। -ਪੀਟੀਆਈ
ਪਾਕਿਸਤਾਨ ਵੱਲੋਂ ਰਾਜਨਾਥ ਦਾ ਬਿਆਨ ਖਾਰਜ
ਇਸਲਾਮਾਬਾਦ: ਪਾਕਿਸਤਾਨ ਨੇ ਅੱਜ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਉਸ ਦੇ ਪਰਮਾਣੂ ਹਥਿਆਰਾਂ ਬਾਰੇ ਦਿੱਤੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਸੰਯੁਕਤ ਰਾਸ਼ਟਰ ਦੀ ਵਿਦੇਸ਼ ਏਜੰਸੀ ਦੇ ਅਧਿਕਾਰ ਤੇ ਜ਼ਿੰਮਵਾਰੀ ਬਾਰੇ ਉਨ੍ਹਾਂ ਦੀ ‘ਅਗਿਆਨਤਾ’ ਨੂੰ ਦਰਸਾਉਂਦਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸ਼ਫਕਤ ਅਲੀ ਖਾਨ ਨੇ ਅੱਜ ਕਿਹਾ ਕਿ ਇਹ ਗ਼ੈਰ-ਜ਼ਿੰਮੇਵਾਰੀ ਵਾਲੀਆਂ ਟਿੱਪਣੀਆਂ ਪਾਕਿਸਤਾਨ ਦੀ ਅਸਰਦਾਰ ਰੱਖਿਆ ਨੂੰ ਲੈ ਕੇ ਉਨ੍ਹਾਂ ਦੀ ਡੂੰਘੀ ਅਸੁਰੱਖਿਆ ਤੇ ਨਿਰਾਸ਼ਾ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ, ‘ਪਾਕਿਸਤਾਨ ਦੀਆਂ ਰਵਾਇਤੀ ਸਮਰੱਥਾਵਾਂ ਭਾਰਤ ਨੂੰ ਰੋਕਣ ਲਈ ਬਹੁਤ ਹਨ, ਉਹ ਵੀ ਬਿਨਾਂ ਕਿਸੇ ‘ਪ੍ਰਮਾਣੂ ਬਲੈਕਮੇਲ’ ਦੇ ਜਿਸ ਤੋਂ ਨਵੀਂ ਦਿੱਲੀ ਪੀੜਤ ਹੈ।’ -ਪੀਟੀਆਈ