ਪਰਬਤਾਰੋਹੀ ਸਾਨਵੀ ਸੂਦ ਦਾ ਰੂਪਨਗਰ ਪੁੱਜਣ ’ਤੇ ਸਵਾਗਤ
ਜਗਮੋਹਨ ਸਿੰਘ
ਰੂਪਨਗਰ, 2 ਜਨਵਰੀ
ਅੱਜ ਇੱਥੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜੇਤੂ ਪਰਬਤਾਰੋਹੀ ਸਾਨਵੀ ਸੂਦ ਦਾ ਰੂਪਨਗਰ ਪਹੁੰਚਣ ਤੇ ਸ਼ਹਿਰ ਵਾਸੀਆਂ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਤੋਂ ਇਲਾਵਾ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਬੇਲਾ ਚੌਕ ਤੋਂ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਵਿਸ਼ੇਸ਼ ਹਾਥੀ ’ਤੇ ਸਵਾਰ ਹੋ ਕੇ ਆਈ ਸਾਨਵੀ ਸੂਦ ਤੇ ਉਸ ਦੇ ਮਾਤਾ-ਪਿਤਾ ਨੂੰ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਵਧਾਈ ਦਿੰਦਿਆਂ ਹੋਇਆਂ 11 ਹਜ਼ਾਰ ਰੁਪਏ ਦੀ ਨਕਦੀ ਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਆ। ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਰੂਪਨਗਰ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਸਿਰਫ਼ 7 ਸਾਲ ਦੀ ਉਮਰ ਵਿੱਚ ਸਾਨਵੀ ਸੂਦ ਨੇ ਰਾਸ਼ਟਰੀ ਬਾਲ ਪੁਰਸਕਾਰ ਪ੍ਰਾਪਤ ਕੀਤਾ ਅਤੇ ਇੰਨੀ ਘੱਟ ਉਮਰ ਵਿੱਚ ਮਾਊਂਟ ਐਵਰੈਸਟ ਦਾ ਬੇਸ ਕੈਂਪ ਫਤਹਿ ਕਰਨਾ ਸਮੇਤ ਮਾਊਂਟ ਕਿਲੀਮੰਜਾਰੋ ਵਰਗੇ ਵੱਡੇ ਪਰਬਤਾਂ ਨੂੰ ਸਰ ਕਰਨਾ ਸੱਚਮੁੱਚ ਹੀ ਇੱਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਬਤਾਰੋਹੀ ਸਾਨਵੀ ਸੂਦ ਦੇ ਸਨਮਾਨ ਵਿੱਚ ਰੱਖਿਆ ਗਿਆ ਅੱਜ ਦਾ ਸਮਾਰੋਹ ਜ਼ਿਲ੍ਹੇ ਦੇ ਹੋਰ ਬੱਚਿਆਂ ਲਈ ਵੀ ਪ੍ਰੇਰਨਾਦਾਇਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਰੂਪਨਗਰ ਦਾ ਹੀ ਪੰਜ ਸਾਲ ਦਾ ਪਰਬਤਾਰੋਹੀ ਤੇਗਬੀਰ ਸਿੰਘ ਵੀ ਆਉਣ ਵਾਲੇ ਸਮੇਂ ਵਿੱਚ ਇਹ ਪੁਰਸਕਾਰ ਜ਼ਰੂਰ ਪ੍ਰਾਪਤ ਕਰੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੂਪਨਗਰ ਹਲਕੇ ਵਿੱਚ ਖੱਡ ਬਠਲੌਰ ਤੋਂ ਟਰੈਕ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਵਿਚ ਜ਼ਿਲ੍ਹੇ ਦੇ ਬੱਚੇ ਟਰੈਕਿੰਗ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਰੂਪਨਗਰ ਜ਼ਿਲ੍ਹੇ ਕੋਲ ਸ਼ਿਵਾਲਿਕ ਦੀਆਂ ਪਹਾੜੀਆਂ ਤੇ ਸਤਲੁਜ ਦਰਿਆ ਹਨ, ਜੋ ਟਰੈਕਿੰਗ ਤੇ ਪਾਣੀ ਵਾਲੀਆਂ ਖੇਡਾਂ ਲਈ ਕਾਫੀ ਲਾਹੇਵੰਦ ਹਨ।
ਉਨ੍ਹਾਂ ਕਿਹਾ ਕਿ ਇੱਥੇ ਟਰੈਕਿੰਗ, ਰੋਇੰਗ ਤੇ ਕੈਕਿੰਗ ਕੋਇਨਿੰਗ ਵਰਗੀਆਂ ਖੇਡਾਂ ਵਿੱਚ ਰੁਚੀ ਰੱਖਣ ਵਾਲਿਆਂ ਲਈ ਕਾਫੀ ਉੱਚ ਪੱਧਰ ਦੀਆਂ ਪ੍ਰਾਪਤੀਆਂ ਕਰਨ ਦੀਆਂ ਬਿਹਤਰ ਸੰਭਾਵਨਾਵਾਂ ਹਨ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਅਰਵਿੰਦਰਪਾਲ ਸਿੰਘ ਸੋਮਲ, ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਗਿੱਲ ਅਤੇ ਜ਼ਿਲ੍ਹੇ ਦੇ ਹੋਰ ਉੱਚ ਅਧਿਕਾਰੀ ਤੇ ਸ਼ਹਿਰ ਵਾਸੀ ਹਾਜ਼ਰ ਸਨ।