ਪਦਮਸ੍ਰੀ ਲੇਖਕ ਰਤਨ ਸਿੰਘ ਜੱਗੀ ਦਾ ਦੇਹਾਂਤ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਪਦਮਸ੍ਰੀ ਸਾਹਿਤਕਾਰ, ਉੱਘੇ ਸਿੱਖ ਵਿਦਵਾਨ ਡਾ. ਰਤਨ ਸਿੰਘ ਜੱਗੀ (98) ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਇਥੇ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਏ। ਉਨ੍ਹਾਂ ਦਾ ਸਸਕਾਰ ਭਲਕੇ 23 ਮਈ ਨੂੰ ਪਟਿਆਲਾ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਡਾ. ਗੁਰਸ਼ਰਨ ਕੌਰ ਜੱਗੀ (ਸੇਵਾਮੁਕਤ ਪ੍ਰਿੰਸੀਪਲ, ਸਰਕਾਰੀ ਮਹਿਲਾ ਕਾਲਜ, ਪਟਿਆਲਾ) ਅਤੇ ਇੱਕ ਪੁੱਤਰ ਮਲਵਿੰਦਰ ਸਿੰਘ ਜੱਗੀ (ਸੇਵਾਮੁਕਤ ਆਈਏਐੱਸ) ਹਨ। ਡਾ. ਜੱਗੀ ਦਾ ਜਨਮ 27 ਜੁਲਾਈ 1927 ਨੂੰ ਹੋਇਆ। ਉਨ੍ਹਾਂ ਨੇ ਛੇ ਦਹਾਕਿਆਂ ਤੋਂ ਵੱਧ ਸਮੇਂ ਤੱਕ ਮੱਧਕਾਲੀ ਸਾਹਿਤ ਦੇ ਲੇਖਣ ਵਿੱਚ ਯੋਗਦਾਨ ਦਿੱਤਾ। ਉਨ੍ਹਾਂ ਨੇ 1962 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ‘ਦਸਮ ਗ੍ਰੰਥ ਦਾ ਪੁਰਾਤਨ ਅਧਿਐਨ’ ਵਿਸ਼ੇ ’ਤੇ ਪੀਐੱਚਡੀ ਕੀਤੀ।
ਡਾ. ਰਤਨ ਸਿੰਘ ਜੱਗੀ ਨੇ ਹਿੰਦੂ ਧਰਮ ਦੇ ਮਹਾਨ ਗ੍ਰੰਥ ਤੁਲਸੀ ਰਾਮਾਇਣ ‘ਰਾਮਚਰਿਤਮਾਨਸ’ ਦਾ ਪੰਜਾਬੀ ਵਿੱਚ ਲਿਪੀ ਅੰਤਰ ਅਤੇ ਅਨੁਵਾਦ ਕੀਤਾ। ਇਸ ਉੱਤੇ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਸਾਲ 1989 ਵਿੱਚ ਕੌਮੀ ਪੁਰਸਕਾਰ ਦਿੱਤਾ ਗਿਆ। ਡਾ. ਰਤਨ ਸਿੰਘ ਜੱਗੀ ਨੇ 150 ਤੋਂ ਵੱਧ ਕਿਤਾਬਾਂ ਲਿਖੀਆਂ। ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪਦਮਸ੍ਰੀ, ਸਾਹਿਤ ਅਕਾਦਮੀ ਵੱਲੋਂ ਕੌਮੀ ਪੁਰਸਕਾਰ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਸਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤੇ ਜਾਣ ਤੋਂ ਇਲਾਵਾ, ਉਨ੍ਹਾਂ ਨੂੰ ਡੀ.ਲਿਟ. ਦੀ ਉਪਾਧੀ ਵੀ ਪ੍ਰਦਾਨ ਕੀਤੀ ਗਈ। ਪੰਜਾਬੀ ਯੂਨੀਵਰਸਿਟੀ, ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਡੀ.ਲਿਟ ਦੀ ਉਪਾਧੀ ਪ੍ਰਦਾਨ ਕੀਤੀ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਗਿਆਨ ਰਤਨ ਪੁਰਸਕਾਰ ਪ੍ਰਦਾਨ ਕੀਤਾ।