ਪਤੰਗਬਾਜ਼ੀ ਦੌਰਾਨ ਹੰਗਾਮਾ ਕਰਨ ਤੋਂ ਰੋਕਣ ’ਤੇ ਬਜ਼ੁਰਗ ਦਾ ਕਤਲ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਜਨਵਰੀ
ਇਥੇ ਹੈਬੋਵਾਲ ਦੇ ਜਗਤਪੁਰੀ ਇਲਾਕੇ ਦੀ ਕੇਹਰ ਸਿੰਘ ਨਗਰ ਕਲੋਨੀ ਵਿੱਚ ਪਤੰਗ ਉਡਾਉਂਦੇ ਸਮੇਂ ਕੁਝ ਨੌਜਵਾਨ ਹੰਗਾਮਾ ਕਰ ਰਹੇ ਸਨ। ਜਦੋਂ ਇੱਕ ਬਜ਼ਰੁਗ ਨੇ ਉਨ੍ਹਾਂ ਨੂੰ ਹੰਗਾਮਾ ਕਰਨ ਤੋਂ ਰੋਕਿਆ ਤੇ ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਬਜ਼ੁਰਗ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਹੈਬੋਵਾਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਮ੍ਰਿਤਕ ਦੀ ਪਛਾਣ ਗੁਰਮੇਲ ਸਿੰਘ (65) ਵੱਜੋਂ ਹੋਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਗੁਰਮੇਲ ਸਿੰਘ ਦੇ ਪੁੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਫੋਟੋਗ੍ਰਾਫਰ ਹੈ। ਲੋਹੜੀ ਦੀ ਦੁਪਹਿਰ ਨੂੰ ਇਲਾਕੇ ’ਚ ਪਤੰਗਬਾਜ਼ੀ ਦੌਰਾਨ ਕੁਝ ਲੋਕ ਹੰਗਾਮਾ ਕਰ ਰਹੇ ਸਨ। ਇਨ੍ਹਾਂ ਵਿਚ ਕੁਝ ਬਾਹਰੀ ਲੋਕ ਵੀ ਸ਼ਾਮਲ ਸਨ। ਕਈ ਵਾਰ ਕਹਿਣ ਦੇ ਬਾਵਜੂਦ ਨੌਜਵਾਨਾਂ ਨੇ ਉਥੇ ਹੰਗਾਮਾ ਕਰਨਾ ਬੰਦ ਨਹੀਂ ਕੀਤਾ। ਜਦੋਂ ਉਸਦੇ ਪਿਤਾ ਨੇ ਉਨ੍ਹਾਂ ਨੂੰ ਜਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਰੀਬ 15-20 ਵਿਅਕਤੀਆਂ ਨੇ ਉਨ੍ਹਾਂ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਤ ਹੋ ਗਈ। ਹਮਲਾਵਰਾਂ ਨੇ ਘਰ ਦੀਆਂ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਉਨ੍ਹਾਂ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਫਰਾਰ ਹੋ ਗਏ। ਚੌਕੀ ਜਗਤਪੁਰੀ ਦੇ ਇੰਚਾਰਜ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।