ਪਤੀ ਦਾ ਜਨਮ ਦਿਨ ਲੰਡਨ ’ਚ ਮਨਾਉਣ ਦਾ ਵਾਅਦਾ ਨਾ ਨਿਭਾਅ ਸਕੀ ਹਰਪ੍ਰੀਤ
ਇੰਦੌਰ, 13 ਜੂਨ
ਇਦੌਰ ਦੀ ਹਰਪ੍ਰੀਤ ਕੌਰ ਹੋਰਾ (28) ਨੇ ਪਤੀ ਰੌਬੀ ਹੋਰਾ ਦਾ ਜਨਮ ਦਿਨ ਲੰਡਨ ’ਚ ਆ ਕੇ ਮਨਾਉਣ ਦਾ ਵਾਅਦਾ ਕੀਤਾ ਸੀ ਪਰ ਉਹ ਇਸ ਵਾਅਦੇ ਨੂੰ ਨਿਭਾਅ ਨਹੀਂ ਸਕੀ। ਬੰਗਲੂਰੂ ’ਚ ਆਈਟੀ ਮਾਹਿਰ ਹਰਪ੍ਰੀਤ ਅਹਿਮਦਾਬਾਦ ’ਚ ਜਹਾਜ਼ ਹਾਦਸੇ ’ਚ ਮਾਰੀ ਗਈ ਹੈ। ਉਸ ਦੇ ਰਿਸ਼ਤੇਦਾਰ ਰਾਜੀਵ ਸਿੰਘ ਹੋਰਾ ਨੇ ਦੱਸਿਆ ਕਿ ਪਰਿਵਾਰ ਹਰਪ੍ਰੀਤ ਦੇ ਲੰਡਨ ਦੌਰੇ ਨੂੰ ਲੈ ਕੇ ਬਹੁਤ ਖੁਸ਼ ਸੀ। ਉਨ੍ਹਾਂ ਦੱਸਿਆ, ‘‘ਲੰਡਨ ਜਾਣ ਤੋਂ ਪਹਿਲਾਂ ਹਰਪ੍ਰੀਤ ਨੂੰ ਸਾਰਿਆਂ ਨੇ ਵਧਾਈਆਂ ਦੇ ਸੁਨੇਹੇ ਭੇਜੇ ਸਨ ਅਤੇ ਉਸ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਸ ਮਗਰੋਂ ਸਾਨੂੰ ਹਾਦਸੇ ਦੀ ਜਾਣਕਾਰੀ ਮਿਲੀ।’’ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹਰਪ੍ਰੀਤ ਦੇ ਪਤੀ ਨੇ ਬੇਨਤੀ ਕੀਤੀ ਸੀ ਕਿ ਉਹ ਲੰਡਨ ਆ ਕੇ 16 ਜੂਨ ਨੂੰ ਉਸ ਦਾ ਜਨਮ ਦਿਨ ਮਨਾਏ। ਉਂਝ ਉਸ ਨੇ 19 ਜੂਨ ਨੂੰ ਲੰਡਨ ਜਾਣਾ ਸੀ ਪਰ ਪਤੀ ਨਾਲ ਕੀਤੇ ਵਾਅਦੇ ਕਾਰਨ ਉਸ ਨੇ 12 ਜੂਨ ਦੀ ਟਿਕਟ ਬੁੱਕ ਕਰਵਾਈ ਅਤੇ ਹਾਦਸੇ ਦਾ ਸ਼ਿਕਾਰ ਬਣ ਗਈ। ਇਕ ਹੋਰ ਰਿਸ਼ਤੇਦਾਰ ਰਾਜੇਂਦਰ ਸਿੰਘ ਹੋਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੋੜੇ ਨੇ ਬਾਅਦ ’ਚ ਯੂਰਪ ਦੇ ਦੌਰੇ ’ਤੇ ਵੀ ਜਾਣਾ ਸੀ ਪਰ ਪਲਾਂ ’ਚ ਹੀ ਸਾਰਾ ਕੁਝ ਬਦਲ ਗਿਆ ਅਤੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। -ਏਐੱਨਆਈ/ਪੀਟੀਆਈ