ਪਤਨੀ ਨੂੰ ਜ਼ਖ਼ਮੀ ਕਰ ਕੇ ਨਹਿਰ ’ਚ ਸੁੱਟਿਆ
ਹਰਮੇਸ਼ ਪਾਲ ਨੀਲੇਵਾਲ
ਜ਼ੀਰਾ, 31 ਮਈ
ਪਿੰਡ ਮਨਸੂਰਵਾਲ (ਛੋਟਾ) ਨੇੜੇ ਪਤੀ ਨੇ ਆਪਣੀ ਪਤਨੀ ਨੂੰ ਤੇਜ਼ਧਾਰ ਹਥਿਆਰ ਨਾਲ ਕਥਿਤ ਤੌਰ ’ਤੇ ਜ਼ਖ਼ਮੀ ਕਰ ਕੇ ਨਹਿਰ ਵਿੱਚ ਸੁੱਟ ਦਿੱਤਾ। ਕਿਸੇ ਰਾਹਗੀਰ ਨੇ ਉਸ ਨੂੰ ਨਹਿਰ ’ਚੋਂ ਕੱਢ ਕੇ ਹਸਪਤਾਲ ਦਾਖ਼ਲ ਕਰਵਾਇਆ।
ਸਿਵਲ ਹਸਪਤਾਲ ਜ਼ੀਰਾ ਵਿੱਚ ਜ਼ੇਰੇ ਇਲਾਜ ਜਸਵਿੰਦਰ ਕੌਰ (31) ਨੇ ਦੋਸ਼ ਲਗਾਇਆ ਕਿ ਉਸ ਦਾ ਪਤੀ ਸਾਲ 2019 ਵਿੱਚ ਕਿਸੇ ਔਰਤ ਨਾਲ ਕਥਿਤ ਵਿਆਹ ਕਰਵਾ ਕੇ ਕਰਵਾ ਕੇ ਮੱਧ ਪ੍ਰਦੇਸ਼ ਚਲਾ ਗਿਆ ਸੀ। ਉਹ ਆਪਣੀਆਂ ਦੋ ਧੀਆਂ ਤੇ ਲੜਕੇ ਸਣੇ ਪਿੰਡ ਦੁਨੇਕੇ (ਮੋਗਾ) ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ ਅਤੇ ਪ੍ਰਾਈਵੇਟ ਫੈਕਟਰੀ ਵਿੱਚ ਕੰਮ ਕਰਦੀ ਹੈ। 20 ਦਿਨ ਪਹਿਲਾਂ ਉਸ ਦਾ ਪਤੀ ਆਪਣੇ ਪੰਜ ਸਾਲਾ ਪੁੱਤਰ ਨੂੰ ਮਿਲਣ ਆਇਆ ਤੇ ਗੁਰਦੁਆਰੇ ਜਾਣ ਬਹਾਨੇ ਬੱਚੇ ਨੂੰ ਨਾਲ ਲੈ ਗਿਆ।
ਪੀੜਤਾ ਨੇ ਜਦੋਂ ਬੱਚੇ ਨੂੰ ਛੱਡ ਕੇ ਜਾਣ ਲਈ ਕਿਹਾ ਤਾਂ ਉਸ ਦੇ ਪਤੀ ਨੇ ਧਮਕੀਆਂ ਦਿੱਤੀਆਂ। ਉਸ ਨੇ ਇਸ ਸਬੰਧੀ ਪੰਚਾਇਤ ਨੂੰ ਸੂਚਿਤ ਕੀਤਾ। ਪੰਚਾਇਤ ਵੱਲੋਂ ਸਮਝਾਉਣ ’ਤੇ ਉਸ ਦੇ ਪਤੀ ਨੇ ਉਸ ਨੂੰ ਫੋਨ ਕੀਤਾ ਕਿ ਉਹ ਗੁਰਦੁਆਰਾ ਨਾਨਕਸਰ ਸਾਹਿਬ (ਜਗਰਾਉਂ) ਆ ਕੇ ਬੱਚੇ ਨੂੰ ਲੈ ਜਾਵੇ। ਜਸਵਿੰਦਰ ਨੇ ਦੱਸਿਆ ਕਿ ਉੱਥੇ ਉਹ ਉਸ ਨੂੰ ਕਾਰ ’ਚ ਬਿਠਾ ਕੇ ਸੁੰਨਸਾਨ ਜਗ੍ਹਾ ’ਤੇ ਲੈ ਗਿਆ, ਜਿੱਥੇ ਉਸ ਨੂੰ ਜ਼ਖ਼ਮੀ ਕਰ ਕੇ ਪਿੰਡ ਮਨਸੂਰਵਾਲ (ਛੋਟਾ) ਕੋਲ ਨਹਿਰ ਵਿੱਚ ਸੁੱਟ ਦਿੱਤਾ। ਉਸ ਵੱਲੋਂ ਰੌਲਾ ਪਾਉਣ ’ਤੇ ਰਾਹਗੀਰ ਨੇ ਉਸ ਨੂੰ ਨਹਿਰ ’ਚੋਂ ਕੱਢ ਕੇ ਸਿਵਲ ਹਸਪਤਾਲ ਜ਼ੀਰਾ ਦਾਖ਼ਲ ਕਰਵਾਇਆ। ਇਥੋਂ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਹੈ।
ਥਾਣਾ ਸਦਰ ਜ਼ੀਰਾ ਦੇ ਐੱਸਐੱਚਓ ਬਲਜਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।