ਪਟਿਆਲਾ ਦੇ ਅਰਬਨ ਅਸਟੇਟ ਨੂੰ ਨਗਰ ਨਿਗਮ ’ਚ ਸ਼ਾਮਲ ਕਰਨ ਦੀ ਤਿਆਰੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 28 ਦਸੰਬਰ
ਪਟਿਆਲਾ ਦੀਆਂ ਅਰਬਨ ਅਸਟੇਟਾਂ ਨੂੰ ਹੁਣ ਨਗਰ ਨਿਗਮ ਅਧੀਨ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜਿੰਨੇ ਵੀ ਅਰਬਨ ਅਸਟੇਟ ਪੁੱਡਾ ਅਧੀਨ ਹਨ ਉਹ ਨਗਰ ਨਿਗਮ ’ਚ ਪਾਈਆਂ ਜਾਣਗੀਆਂ। ਪੁੱਡਾ ਦੀ ਏਸੀਏ ਜਸ਼ਨਪ੍ਰੀਤ ਕੌਰ ਨੇ ਕਿਹਾ ਕਿ ਇਸ ਬਾਰੇ ਨਿਗਮ ਕਮਿਸ਼ਨਰ ਨੂੰ ਲਿਖਿਆ ਜਾ ਚੁੱਕਾ ਹੈ। ਏਸੀਏ ਜਸ਼ਨਪ੍ਰੀਤ ਕੌਰ ਨੇ ਕਿਹਾ ਕਿ ਨਗਰ ਨਿਗਮ ਦੀ ‘ਡੀ-ਮਾਰਕੇਸ਼ਨ’ ਨੂੰ ਕਰੀਬ 20 ਸਾਲ ਦਾ ਸਮਾਂ ਹੋ ਚੁੱਕਾ ਹੈ, ਅਜੇ ਤੱਕ ਨਗਰ ਨਿਗਮ ਪਟਿਆਲਾ ਦੀ ਹੱਦ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਸ ਬਾਰੇ ਜਦੋਂ ਉਹ ਨਗਰ ਨਿਗਮ ਵਿਚ ਬਤੌਰ ਕਮਿਸ਼ਨਰ ਹੁੰਦੀ ਸੀ, ਉਸ ਵੇਲੇ ਵੀ ਉਸ ਨੇ ਇਹ ਮੁੱਦਾ ਚੁੱਕਿਆ ਸੀ, ਪਰ ਫੇਰ ਵਿਚ ਹੀ ਰਹਿ ਗਿਆ ਸੀ। ਹੁਣ ਪੁੱਡਾ ਵੱਲੋਂ ਲਿਖਿਆ ਗਿਆ ਕਿ ਨਗਰ ਨਿਗਮ ਦੀ ਹੱਦ ਵਧਾਇਆਂ 20 ਸਾਲ ਹੋ ਗਏ ਹਨ। ਇਸ ਕਰਕੇ ਇਸ ਦੀ ਹੱਦ ਵਧਾਈ ਜਾਵੇ ਤਾਂ ਕਿ ਨਗਰ ਨਿਗਮ ਵੱਲੋਂ ਸਥਾਨਕ ਸਰਕਾਰਾਂ ਅਧੀਨ ਆਉਂਦੇ ਫੰਡਾਂ ਤਹਿਤ ਅਰਬਨ ਅਸਟੇਟ ਦਾ ਵਿਕਾਸ ਕਰਨ ਵਿਚ ਪੁੱਡਾ ਦੀ ਮਦਦ ਕਰ ਸਕੇ। ਉਨ੍ਹਾਂ ਕਿਹਾ ਕਿ ਪੁੱਡਾ ਤੋਂ ਬਾਹਰ ਜਾਣ ਲਈ ਕੁਝ ਲੋਕ ਅੜਿੱਕਾ ਬਣੇ ਹੋਏ ਹਨ ਜੋ ਨਹੀਂ ਚਾਹੁੰਦੇ ਕਿ ਪੁੱਡਾ ਦੀ ਅਧੀਨਗੀ ਨਿਗਮ ’ਚ ਜਾਵੇ। ਇਸ ਕਰਕੇ ਇਹ ਗੱਲ ਤੁਰਦੀ ਹੈ ਤੇ ਮੁੜ ਕੁਝ ਲੋਕਾਂ ਦੀ ਵਿਰੋਧਤਾ ਤੋਂ ਬਾਅਦ ਬੰਦ ਹੋ ਜਾਂਦੀ ਹੈ, ਪਰ ਸਰਕਾਰ ਦੇ ਇਹ ਧਿਆਨ ਵਿਚ ਹੈ, ਇਸੇ ਕਰਕੇ ਬਹੁਤ ਜਲਦ ਇਸ ਬਾਰੇ ਕਾਰਜਸ਼ੀਲ ਹੋਣਾ ਜ਼ਰੂਰੀ ਹੋਵੇਗਾ।