ਪਟਿਆਲਾ ਤੋਂ ਪਾਤੜਾਂ ਸੜਕ ਚਾਰ ਮਾਰਗੀ ਕਰਨ ਦੀ ਮੰਗ
ਪੱਤਰ ਪ੍ਰੇਰਕ
ਪਟਿਆਲਾ, 16 ਮਈ
ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਪੰਜਾਬ ਰਾਜ ਹਾਈਵੇਅ 10 (ਪਟਿਆਲਾ-ਪਾਤੜਾਂ-ਮੂਨਕ ਸੜਕ) ਨੂੰ ਚਾਰ-ਮਾਰਗੀ ਹਾਈਵੇਅ ਵਿੱਚ ਚੌੜਾ ਕਰਨ ਬਾਰੇ ਤੁਰੰਤ ਚਰਚਾ ਕਰਨ ਲਈ ਕੇਂਦਰੀ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਅਧਿਕਾਰਤ ਤੌਰ ’ਤੇ ਮੁਲਾਕਾਤ ਦੀ ਮੰਗ ਕੀਤੀ ਹੈ ਅਤੇ ਇਸ ਸਬੰਧੀ ਇਕ ਚਿੱਠੀ ਵੀ ਲਿਖੀ ਹੈ।
ਮੰਤਰੀ ਨੂੰ ਲਿਖੀ ਇਕ ਚਿੱਠੀ ਵਿੱਚ, ਡਾ. ਗਾਂਧੀ ਨੇ ਕਿਹਾ ਹੈ ਕਿ ਪਟਿਆਲਾ ਪਾਤੜਾਂ ਸੜਕ ਹੁਣ ਇਸ ਸਮਰੱਥ ਨਹੀਂ ਹੈ, ਇਸ ਕਰਕੇ ਆਵਾਜਾਈ ਦੇ ਭਾਰੀ ਪ੍ਰਵਾਹ ਨੂੰ ਸੰਭਾਲਣ ਲਈ ਕਮਜ਼ੋਰ ਹੈ। ਉਨ੍ਹਾਂ ਨੇ ਸਮਾਣਾ ਨੇੜੇ ਹਾਲ ਹੀ ਵਿੱਚ ਹੋਏ ਇੱਕ ਦੁਖਦਾਈ ਹਾਦਸੇ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਜਿਸ ਵਿੱਚ ਸਕੂਲ ਜਾਣ ਵਾਲੇ ਕਈ ਬੱਚਿਆਂ ਦੀ ਜਾਨ ਚਲੀ ਗਈ, ਇਹ ਇੱਕ ਦੁਖਾਂਤ ਹੈ ਜੋ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦੀ ਤੁਰੰਤ ਲੋੜ ਨੂੰ ਦਰਸਾਉਂਦਾ ਹੈ। ਡਾ. ਗਾਂਧੀ ਨੇ ਕਿਹਾ ਕਿ ਸੜਕ ਦੇ ਦੋਵੇਂ ਪਾਸੇ ਜੰਗਲਾਤ ਜ਼ਮੀਨ ਉਪਲਬਧ ਹੈ, ਜੋ ਚੌੜਾ ਕਰਨ ਦੀ ਪ੍ਰਕਿਰਿਆ ਨੂੰ ਵਿਵਹਾਰਿਕ ਅਤੇ ਕਾਨੂੰਨੀ ਤੌਰ ’ਤੇ ਸਹੀ ਬਣਾਉਂਦੀ ਹੈ।
ਡੱਬੀ:: ਪਟਿਆਲਾ ਮੁਹਾਲੀ ਰੇਲ ਲਾਇਨ ਬਣਾਉਣ ਲਈ 202 ਕਰੋੜ ਜਾਰੀ : ਗਾਂਧੀ
ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਪਟਿਆਲਾ ਨਾਲ ਮੁਹਾਲੀ ਨੂੰ ਜੋੜਨ ਲਈ ਰੇਲਵੇਲਾਈਨ ਬਣਾਉਣ ਲਈ ਕੇਂਦਰ ਸਰਕਾਰ ਨੇ 202.99 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਨਵੀਂ ਰੇਲਵੇ ਲਾਈਨ ਬਨੂੜ ਨੂੰ ਹੋ ਕੇ ਮੁਹਾਲੀ ਪੁੱਜੇਗੀ। ਉਨ੍ਹਾਂ ਕਿਹਾ ਕਿ ਜਦੋਂ ਉਹ 2014 ’ਚ ਮੈਂਬਰ ਪਾਰਲੀਮੈਂਟ ਬਣੇ ਸਨ ਤਾਂ ਉਸ ਵੇਲੇ ਹੀ ਉਨ੍ਹਾਂ ਇਹ ਪ੍ਰਾਜੈਕਟ ਪਾਸ ਕਰਵਾ ਲਿਆ ਸੀ ਪਰ ਪੰਜਾਬ ਸਰਕਾਰ ਨੇ ਰੇਲ ਲਾਈਨ ਕੱਢਣ ਲਈ ਜ਼ਮੀਨ ਨਹੀਂ ਦਿੱਤੀ ਸੀ, ਰੇਲ ਲਾਈਨ ਨਾਲ ਸਿਰਫ਼ ਪਟਿਆਲਾ ਹੀ ਨਹੀਂ ਸਗੋਂ ਚੰਡੀਗੜ੍ਹ ਤੋਂ ਮੁੰਬਈ ਦਾ ਸਫ਼ਰ ਵੀ ਨੇੜੇ ਹੋ ਜਾਵੇਗਾ।