ਪਟਿਆਲਾ ਤੇ ਸੰਗਰੂਰ ’ਚ ਨਸ਼ਾ-ਮੁਕਤੀ ਯਾਤਰਾਵਾਂ ਅੱਜ ਤੋਂ
ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਮਈ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੀ 24 ਫਰਵਰੀ ਤੋਂ ਆਰੰਭੀ ਨਸ਼ਿਆਂ ਖਿਲਾਫ਼ ਫ਼ੈਸਲਾਕੁਨ ਲੜਾਈ ਦੇ ਅਗਲੇ ਪੜਾਅ ਵਜੋਂ ਹੁਣ ਸਰਕਾਰ ਵੱਲੋਂ ਨਸ਼ਾ ਮੁਕਤੀ ਯਾਤਰਾ ਤਹਿਤ ਪਿੰਡ ਅਤੇ ਵਾਰਡ ਪੱਧਰ ’ਤੇ ਜਾ ਕੇ ਰੱਖਿਆ ਕਮੇਟੀਆਂ ਨਾਲ ਜਾਗਰੂਕਤਾ ਮੀਟਿੰਗਾਂ ਦਾ ਸਿਲਸਿਲਾ ਆਰੰਭਿਆ ਗਿਆ ਹੈ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਹ ਯਾਤਰਾ ਭਲਕੇ 16 ਮਈ ਤੋਂ ਸ਼ੁਰੂ ਹੋਵੇਗੀ। ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਭੁਲਰਹੇੜੀ ਵਿੱਚ 16 ਮਈ ਨੂੰ ਸ਼ਾਮ 4 ਵਜੇ, ਭਲਵਾਨ ਵਿੱਚ ਸ਼ਾਮ 5 ਵਜੇ ਅਤੇ ਪਲਾਸੌਰ ਵਿੱਚ ਸ਼ਾਮ 6 ਵਜੇ ਇਸ ਯਾਤਰਾ ਤਹਿਤ ਮੀਟਿੰਗਾਂ ਕੀਤੀਆਂ ਜਾਣਗੀਆਂ। ਦਿੜ੍ਹਬਾ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਕਰਨਗੇ ਤੇ 16 ਮਈ ਨੂੰ ਮਹਿਲਾਂ ਚੌਕ ਵਿੱਚ ਬਾਅਦ ਦੁਪਹਿਰ 3 ਵਜੇ ਅਤੇ ਮੌੜਾਂ ਵਿੱਚ ਸ਼ਾਮ 4 ਵਜੇ ਮੀਟਿੰਗਾਂ ਕੀਤੀਆਂ ਜਾਣਗੀਆਂ। ਸੰਗਰੂਰ ਹਲਕੇ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਕੀਤੀ ਜਾਵੇਗੀ ਤੇ 16 ਮਈ ਨੂੰ ਪਿੰਡ ਭਿੰਡਰਾਂ ਵਿੱਚ ਸ਼ਾਮ 4 ਵਜੇ, ਘਾਬਦਾਂ ਵਿੱਚ 5 ਵਜੇ ਅਤੇ ਸੰਗਰੂਰ ਵਾਰਡ ਨੰਬਰ 1 ਵਿੱਚ ਸ਼ਾਮ 06 ਵਜੇ ਇਸ ਯਾਤਰਾ ਤਹਿਤ ਮੀਟਿੰਗਾਂ ਕੀਤੀਆਂ ਜਾਣਗੀਆਂ। ਸੁਨਾਮ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਇਸ ਨਸ਼ਾ ਮੁਕਤੀ ਯਾਤਰਾ ਤਹਿਤ 17 ਮਈ ਨੂੰ ਸ਼ਾਮ 4 ਵਜੇ ਪਿੰਡ ਬਡਰੁੱਖਾਂ, 5 ਵਜੇ ਬਹਾਦਰਪੁਰ ਅਤੇ ਸ਼ਾਮ 6 ਵਜੇ ਲਿੱਦੜਾਂ ਵਿੱਚ ਮੀਟਿੰਗਾਂ ਦੀ ਅਗਵਾਈ ਕਰਨਗੇ।
ਪਟਿਆਲਾ ਦੇ 21 ਪਿੰਡਾਂ ਤੋਂ ਸ਼ੁਰੂ ਹੋਵੇਗੀ ਨਸ਼ਾ ਮੁਕਤੀ ਯਾਤਰਾ
ਪਟਿਆਲਾ (ਸਰਬਜੀਤ ਸਿੰਘ ਭੰਗੂ): ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ 16 ਮਈ ਤੋਂ ਨਸ਼ਾ ਮੁਕਤੀ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੌਰਾਨ ਲੜੀਵਾਰ ਸਭਾਵਾਂ ਬੁਲਾ ਕੇ ਜਾਗਰੂਕਤਾ ਸਮਾਗਮ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਅਤੇ ਨਸ਼ਾ ਮੁਕਤੀ ਮੋਰਚਾ ਸਬੰਧੀ ਜ਼ਿਲ੍ਹਾ ਤੇ ਹਲਕਾ ਕੋਆਰਡੀਨੇਟਰਾਂ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਲਹਿਰ ਹਰ ਪਿੰਡ ਪਿੰਡ ਜਾਵੇਗੀ ਅਤੇ ਰੋਜ਼ਾਨਾ ਹਰੇਕ ਹਲਕੇ ਦੇ ਤਿੰਨ ਪਿੰਡਾਂ ਵਿੱਚ ਇਹ ਯਾਤਰਾ ਜਾਵੇਗੀ। ਏਡੀਸੀ ਈਸ਼ਾ ਸਿੰਗਲ ਨੇ ਦੱਸਿਆ ਕਿ ਪਹਿਲੇ ਦਿਨ ਇਹ ਯਾਤਰਾ 21 ਪਿੰਡਾਂ ਵਿੱਚ ਹੋਵੇਗੀ। ਇਨ੍ਹਾਂ ਵਿੱਚ ਰੁੜਕੀ, ਰੁੜਕਾ, ਜਰੀਕਪੁਰ, ਕਕਰਾਲਾ, ਛੀਟਾਵਾਲਾ, ਅਚਲ, ਇੱਛੇਵਾਲ, ਰੋਹਟੀ ਬਸਤਾ, ਰੋਹਟੀ ਮੋੜਾ, ਅਲੂਣ, ਬਸੰਤਪੁਰਾ, ਪਰਾਰੋ, ਸਮਾਣਾ ਦੀ ਵਾਰਡ ਨੰਬਰ 1, 7 ਤੇ 12, ਫਰੀਦਪੁਰ, ਟੁਰਨਾ, ਸਲੇਮਪੁਰ ਬਾਲੀਆ, ਕਾਹਨਗੜ੍ਹ ਘਰਾਚੋ, ਖਾਸਪੁਰ ਤੇ ਦੁਤਾਲ ਸ਼ਾਮਲ ਹਨ।Advertisement