ਪਟਿਆਲਾ: ਚੂਹਿਆਂ ਦੀਆਂ ਖੁੱਡਾਂ ਕਾਰਨ ਭਾਖੜਾ ਨਹਿਰ ’ਚ ਪਾੜ
ਇਥੋਂ ਨੇੜੇ ਪਿੰਡ ਪਸਿਆਣਾ ਕੋਲ ਅੱਜ ਸਵੇਰੇ ਭਾਖੜਾ ਨਹਿਰ ਵਿੱਚ 70 ਫੁੱਟ ਦਾ ਪਾੜ ਪੈ ਗਿਆ। ਇਹ ਪਾੜ ਨਹਿਰ ਦੇ ਕੰਢਿਆਂ ’ਤੇ ‘ਚੂਹਿਆਂ ਦੀਆਂ ਖੁੱਡਾਂ’ ਕਾਰਨ ਪਿਆ ਦੱਸਿਆ ਜਾ ਰਿਹਾ ਹੈ। ਜੇ ਪਾੜ ਵੱਧ ਜਾਂਦਾ ਤਾਂ ਵੱਡੀ ਮੁਸ਼ਕਲ ਹੋ ਸਕਦੀ ਸੀ ਪਰ ਨਹਿਰੀ ਮਹਿਕਮੇ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਮੁਸਤੈਦੀ ਕਾਰਨ ਅਜਿਹੀ ਮੁਸ਼ਕਲ ਤੋਂ ਬਚਾਅ ਹੋ ਗਿਆ। ਜਲ ਸਰੋਤ ਮੰਤਰੀ ਬਰਿੰਦਰ ਗੋਇਲ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਘਟਨਾ ਸਥਾਨ ਦਾ ਦੌਰਾ ਕਰਦਿਆਂ ਪਾੜ ਪੂਰਨ ਦੇ ਕੰਮ ਦਾ ਨਿਰੀਖਣ ਕੀਤਾ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੀ ਕਈ ਘੰਟੇ ਮੌਕੇ ’ਤੇ ਰਹੀ। ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੇ ਇਸ ਘਟਨਾ ਲਈ ਮੁੱਢਲੇ ਤੌਰ ’ਤੇ ਚੂਹਿਆਂ ਦੀਆਂ ਖੁੱਡਾਂ ਨੂੰ ਜ਼ਿੰਮੇਵਾਰ ਦੱਸਿਆ। ਅਧਿਕਾਰੀਆਂ ਦਾ ਮੰਨਣਾ ਹੈ ਕਿ ਅਜਿਹੀ ਮੁਸ਼ਕਲ ਬੀਬੀਐੱਮਬੀ ਵੱਲੋਂ ਇਕਦਮ ਜ਼ਿਆਦਾ ਮਾਤਰਾ ’ਚ ਪਾਣੀ ਛੱਡਣ ਕਾਰਨ ਬਣੀ। ਪਟਿਆਲਾ ਸ਼ਹਿਰ ਕੋਲੋਂ ਲੰਘਦੀ ਭਾਖੜਾ ਵਿਚ ਕਈ ਦਿਨਾਂ ਤੱਕ 4000 ਕਿਊਸਿਕ ਪਾਣੀ ਸੀ ਪਰ 21 ਮਈ ਦੀ ਰਾਤ ਨੂੰ ਬੀਬੀਐੱਮਬੀ ਵੱਲੋਂ ਭਾਖੜਾ ’ਚ ਪਾਣੀ ਦੀ ਮਾਤਰਾ 4000 ਤੋਂ ਵਧਾ ਕੇ 11 ਹਜ਼ਾਰ ਕਿਊਸਿਕ ਕਰ ਦਿੱਤੀ ਗਈ। ਨਹਿਰੀ ਮਹਿਕਮੇ ਦਾ ਕਹਿਣਾ ਹੈ ਕਿ 11 ਹਜ਼ਾਰ ਕਿਊਸਿਕ ਤੱਕ ਦੀ ਮਾਤਰਾ ਹਫਤੇ ਤੱਕ ਹੋਣੀ ਚਾਹੀਦੀ ਸੀ, ਪਰ ਨਹਿਰ ’ਚ ਦੋ ਦਿਨਾਂ ’ਚ ਹੀ 11 ਹਜ਼ਾਰ ਕਿਊਸਿਕ ਪਾਣੀ ਕਰ ਦਿੱਤਾ ਗਿਆ। ਮਹਿਕਮਾ ਇਸ ਨੂੰ ਵੀ ਪਾੜ ਪੈਣ ਦਾ ਕਾਰਨ ਮੰਨਦਾ ਹੈ। ਮੌਕੇ ’ਤੇ ਪੁੱਜੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਦਾ ਕਹਿਣਾ ਹੈ ਕਿ ਕਈ ਦਿਨਾਂ ਤੱਕ ਨਹਿਰ ’ਚ ਘੱਟ ਪਾਣੀ ਵਗਣ ਤੋਂ ਬਾਅਦ ਇੱਕ ਦਮ ਜ਼ਿਆਦਾ ਪਾਣੀ ਆ ਜਾਣ ਦੀ ਸੂਰਤ ’ਚ ਪਾੜ ਪੈਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਹ ਵੀ ਤਰਕ ਦਿੱਤਾ ਗਿਆ ਕਿ ਅਜਿਹੀ ਸੂਰਤ ’ਚ ਚੂੂਹੇ ਖੁੱਡਾਂ ਕਰ ਲੈਂਦੇ ਹਨ, ਜੋ ਪਾੜ ਪੈਣ ਦਾ ਇਕ ਕਾਰਨ ਬਣਦੀਆਂ ਹਨ।
ਮੰਤਰੀ ਨੇ ਦੱਸਿਆ ਕਿ ਭਾਖੜਾ ’ਚ 11700 ਕਿਊਸਿਕ ਪਾਣੀ ਛੱਡਿਆ ਜਾਣਾ ਸੀ। 23 ਮਈ ਨੂੰ ਤੱਕ ਕੱਲ 9690 ਕਿਊਸਿਕ ਤੇ ਲੰਘੀ ਰਾਤ 11 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ। ਇਸ ਦੌਰਾਨ ਹੀ ਸਵੇਰੇ 6 ਕੁ ਵਜੇ ਇਹ ਪਾੜ ਪੈ ਗਿਆ। ਨਹਿਰੀ ਮਹਿਕਮੇ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਸ਼ਲਾਘਾ ਕਰਦਿਆਂ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਚੌਕਸੀ ਵਧਾਈ ਹੋਈ ਸੀ। ਮੰਤਰੀ ਮੁਤਾਬਿਕ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ।
ਸਾਰੀਆਂ ਨਹਿਰਾਂ ਦੇ ਨਿਰੀਖਣ ਦੇ ਨਿਰਦੇਸ਼
ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਸਿੰਜਾਈ ਵਿਭਾਗ ਨੂੰ ਸੂਬੇ ਦੀਆਂ ਸਾਰੀਆਂ ਨਹਿਰਾਂ ਦਾ ਜ਼ਮੀਨੀ ਪੱਧਰ ’ਤੇ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਨਹਿਰਾਂ ਵਿੱਚ ਲੀਕੇਜ ਦਾ ਕੋਈ ਮਾਮਲਾ ਸਾਹਮਣੇ ਨਾ ਆਵੇ। ਮੰਤਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਭਾਖੜਾ ਮੇਨ ਲਾਈਨ ਦੀ ਰਿਪੇਅਰ ਦਾ ਕੰਮ ਹੋਣ ਕਰਕੇ ਇਸ ’ਚ ਪਾਣੀ ਘਟਾਇਆ ਗਿਆ ਸੀ ਅਤੇ ਜਦ 21 ਮਈ ਨੂੰ ਮੁੜ ਪਾਣੀ ਛੱਡਿਆ ਗਿਆ ਤਾਂ ਪਸਿਆਣਾ ਨੇੜੇ ਲੀਕੇਜ ਦਾ ਪਤਾ ਲੱਗਿਆ। ਉਨ੍ਹਾਂ ਕਿਹਾ ਕਿ ਅਕਸਰ ਨਹਿਰਾਂ ਵਿੱਚ ਪਾਣੀ ਘਟਣ ਸਮੇਂ ਚੂਹਿਆਂ ਵੱਲੋਂ ਖੁੱਡਾਂ ਬਣਾ ਲਈਆਂ ਜਾਂਦੀਆਂ ਹਨ ਜਿਸ ਕਾਰਨ ਲੀਕੇਜ ਦੀ ਸਮੱਸਿਆ ਆ ਜਾਂਦੀ ਹੈ। ਅਧਿਕਾਰੀਆਂ ਨੂੰ ਭਾਖੜਾ ਮੇਨ ਲਾਈਨ ’ਤੇ ਦੋਵੇਂ ਪਾਸਿਆਂ ਦੀ ਪੂਰੀ ਜਾਂਚ ਕਰਨ ਦੇ ਆਦੇਸ਼ ਦਿੰਦਿਆਂ, ਉਨ੍ਹਾਂ ਕਿਹਾ ਕਿ ਕਮਜ਼ੋਰ ਕਿਨਾਰਿਆਂ ਦੀ ਮੁਰੰਮਤ ਕੀਤੀ ਜਾਵੇ।