ਪਟਾਕਾ ਫੈਕਟਰੀ ਹਾਦਸਾ: ਮ੍ਰਿਤਕਾਂ ਦਾ ਪੋਸਟਮਾਰਟਮ
ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 31 ਮਈ
ਹਲਕਾ ਲੰਬੀ ਦੇ ਪਿੰਡ ਫਤੂਹੀਵਾਲਾ ਵਿੱਚ ਚੱਲ ਰਹੀ ਪਟਾਕਾ ਫੈਕਟਰੀ ਵਿੱਚ ਬੀਤੇ ਦਿਨ ਮਾਰੇ ਗਏ ਪੰਜ ਪਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਪ੍ਰਸ਼ਾਸਨ ਵੱਲੋਂ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿੱਚ ਕਰਵਾਇਆ ਗਿਆ। ਹਸਪਤਾਲ ਵਿੱਚ ਪੋਸਟਮਾਰਟਮ ਸਮੇਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਪਰਿਵਾਰਕ ਮੈਂਬਰਾਂ ਨੇ ਇਸ ਮੰਦਭਾਗੀ ਘਟਨਾ ਲਈ ਠੇਕੇਦਾਰ ਅਤੇ ਪਟਾਕਾ ਫੈਕਟਰੀ ਦੇ ਮਾਲਕਾਂ ਨੂੰ ਕਸੂਰਵਾਰ ਕਰਾਰ ਦਿੱਤਾ ਹੈ।
ਸਿਵਲ ਹਸਪਤਾਲ ਵਿੱਚ ਮ੍ਰਿਤਕ ਸ਼ਲਿੰਦਰ ਦੇ ਭਰਾ ਪੁਸ਼ਪਿੰਦਰ ਅਤੇ ਮ੍ਰਿਤਕ ਰਾਹੁਲ ਦੇ ਪਿਤਾ ਕਿਸ਼ਨ, ਮ੍ਰਿਤਕ ਅਖਿਲੇਸ਼ ਦੇ ਜੀਜਾ ਅਤੇ ਮ੍ਰਿਤਕ ਨੀਰਜ ਤੇ ਦਾਨਵੀਰ ਦੀਆਂ ਮਾਵਾਂ ਨੇ ਦੱਸਿਆ ਕਿ ਠੇਕੇਦਾਰ ਉਨ੍ਹਾਂ ਦੇ ਬੱਚਿਆਂ ਨੂੰ ਵੱਧ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਨਾਲ ਕੁਝ ਸਮਾਂ ਪਹਿਲਾਂ ਮਜ਼ਦੂਰੀ ਲਈ ਪੰਜਾਬ ਲੈ ਕੇ ਆਇਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਉਨ੍ਹਾਂ ਦੇ ਲੜਕੇ ਕਿਸੇ ਪਟਾਕਾ ਫੈਕਟਰੀ ਵਿੱਚ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੜਕਿਆਂ ਦੀ ਮੌਤ ਦੇ ਜ਼ਿੰਮੇਵਾਰ ਠੇਕੇਦਾਰ ਅਤੇ ਫੈਕਟਰੀ ਮਾਲਕ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਨ੍ਹਾਂ ਵਿੱਚੋਂ ਕੁਝ ਪਰਿਵਾਰਾਂ ਨੇ ਕਿਹਾ ਕਿ ਉਹ ਗਿੱਦੜਬਾਹਾ ਤੱਕ ਹੀ ਬਹੁਤ ਮੁਸ਼ਕਲ ਨਾਲ ਪਹੁੰਚੇ ਹਨ ਅਤੇ ਹੁਣ ਮ੍ਰਿਤਕਾਂ ਨੂੰ ਸਸਕਾਰ ਲਈ ਉੱਤਰ ਪ੍ਰਦੇਸ਼ ਲਿਜਾਣ ਲਈ ਉਨ੍ਹਾਂ ਕੋਲ ਪੈਸੇ ਨਹੀਂ ਹਨ। ਇਸ ਲਈ ਪ੍ਰਸ਼ਾਸਨ ਅਤੇ ਸਰਕਾਰ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦਾ ਇੰਤਜ਼ਾਮ ਕਰੇ।