ਨੌਰਥ ਜ਼ੋਨ ਅੰਤਰ-’ਵਰਸਿਟੀ ਫੁਟਬਾਲ ਮੁਕਾਬਲੇ ਕਰਵਾਏ
ਜਸਬੀਰ ਸਿੰਘ ਚਾਨਾ
ਫਗਵਾੜਾ, 23 ਦਸੰਬਰ
ਜੀ.ਐੱਨ.ਏ. ਯੂਨੀਵਰਸਿਟੀ ਵਿੱਚ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ.) ਨੌਰਥ ਜ਼ੋਨ ਇੰਟਰ ਯੂਨੀਵਰਸਿਟੀ ਫੁੱਟਬਾਲ ਟੂਰਨਾਮੈਂਟ (ਪੁਰਸ਼) ਕਰਵਾਇਆ ਗਿਆ ਜਿਸ ’ਚ ਚੰਡੀਗੜ੍ਹ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਜੰਮੂ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸਪੋਰਟਸ ਯੂਨੀਵਰਸਿਟੀ ਅਤੇ ਕੁਮਾਊਂ ਯੂਨੀਵਰਸਿਟੀ ਸਮੇਤ 30 ਤੋਂ ਵੱਧ ਯੂਨੀਵਰਸਿਟੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦੇ ਪਹਿਲੇ ਦਿਨ ਐਲੀਮੀਨੇਸ਼ਨ ਪੜਾਅ ’ਚ 16 ਤੋਂ ਵੱਧ ਟੀਮਾਂ ਆਹਮੋ-ਸਾਹਮਣੇ ਹੋਈਆਂ ਜਦਕਿ ਦੂਜੇ ਦਿਨ ਨਾਕਆਊਟ ਮੁਕਾਬਲੇ ਕਰਵਾਏ ਗਏ। ਕੁਆਰਟਰ ਫਾਈਨਲ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੈਮੀਫਾਈਨਲ ਲਈ ਕੁਆਲੀਫਾਈ ਕਰਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਜੇਤੂ ਟਰਾਫ਼ੀ ਜਿੱਤੀ ਤੇ ਗੋਲਡ ਮੈਡਲ ਪ੍ਰਾਪਤ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰ ਕੇ ਸਿਲਵਰ ਮੈਡਲ ਪ੍ਰਾਪਤ ਕੀਤਾ। ਮੇਜ਼ਬਾਨ ਜੀ.ਐੱਨ.ਏ. ਯੂਨੀਵਰਸਿਟੀ ਦੀ ਟੀਮ ਨੂੰ ਤੀਜਾ ਸਥਾਨ ਜਦਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਟੀਮ ਨੂੰ ਚੌਥਾ ਸਥਾਨ ਮਿਲਿਆ। ਟੂਰਨਾਮੈਂਟ ਦੀ ਸਮਾਪਤੀ ਮੌਕੇ ਮਿਨਰਵਾ ਅਕੈਡਮੀ, ਦਿੱਲੀ ਫੁਟਬਾਲ ਕਲੱਬ ਦੇ ਸੰਚਾਲਕ ਰਣਜੀਤ ਬਜਾਜ, ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਤੇ ਹਰਮਨਜੋਤ ਸਿੰਘ ਖਾਬੜਾ ਸ਼ਾਮਲ ਹੋਏ ਤੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਿਤ ਕੀਤਾ। ਜੀ.ਐੱਨ.ਏ. ਯੂਨੀਵਰਸਿਟੀ ਦੇ ਚਾਂਸਲਰ ਗੁਰਦੀਪ ਸਿੰਘ ਸੀਹਰਾ ਨੇ ਏਆਈਯੂ ਨੌਰਥ ਜ਼ੋਨ ਇੰਟਰ ਯੂਨੀਵਰਸਿਟੀ ਫੁਟਬਾਲ ਟੂਰਨਾਮੈਂਟ ਦੇ ਜੇਤੂਆਂ, ਖਿਡਾਰੀਆਂ ਅਤੇ ਪ੍ਰਬੰਧਕੀ ਟੀਮ ਦੀ ਸ਼ਲਾਘਾ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ, ਕੁਨਾਲ ਬੈਂਸ ਡਿਪਟੀ ਰਜਿਸਟਰਾਰ, ਡਾ. ਵਿਕਰਾਂਤ ਸ਼ਰਮਾ, ਡਾ. ਸਮੀਰ ਵਰਮਾ, ਡਾ. ਸੀ.ਆਰ. ਤ੍ਰਿਪਾਠੀ, ਡਾ. ਦੀਪਕ ਤਿਲਗੋਰੀਆ ਤੋਂ ਇਲਾਵਾ ਖੇਡ ਕੋ-ਆਰਡੀਨੇਟਰ ਤੇ ਹੋਰ ਪਤਵੰਤੇ ਸ਼ਾਮਲ ਸਨ।