ਨੌਜਵਾਨ ਦੀ ਪੁਰਾਣੀ ਦੁਸ਼ਮਣੀ ਕਾਰਨ ਹੱਤਿਆ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 31 ਮਈ
ਵੇਰਕਾ ਪੁਲੀਸ ਸਟੇਸ਼ਨ ਅਧੀਨ ਆਉਂਦੇ ਪਿੰਡ ਮੁਧਲ ਵਿੱਚ ਇੱਕ ਨੌਜਵਾਨ ਦੀ ਪੁਰਾਣੀ ਦੁਸ਼ਮਣੀ ਕਾਰਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਇਸ ਕਤਲ ਦੇ ਮਾਮਲੇ ਵਿੱਚ 15 ਸ਼ੱਕੀਆਂ ਨੂੰ ਨਾਮਜ਼ਦ ਕੀਤਾ ਹੈ ਜਿਨ੍ਹਾਂ ਵਿਚ ਇੱਕ ਔਰਤ ਵੀ ਸ਼ਾਮਲ ਹੈ। ਮ੍ਰਿਤਕ ਦੀ ਪਛਾਣ ਵੇਰਕਾ ਦੇ ਰਹਿਣ ਵਾਲੇ ਕੁਲਦੀਪ ਸਿੰਘ ਉਰਫ਼ ਗੋਪੀ (27) ਵਜੋਂ ਹੋਈ ਹੈ। ਇਸ ਮਾਮਲੇ ਵਿਚ ਰਾਜਬੀਰ ਕੌਰ, ਕਾਕਾ ਅਤੇ ਮੰਗਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਜਦਕਿ 12 ਅਣਪਛਾਤਿਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਦੀ ਵਧੀਕ ਡਿਪਟੀ ਕਮਿਸ਼ਨਰ ਜਸਰੂਪ ਕੌਰ ਬਾਠ ਨੇ ਕਿਹਾ ਕਿ ਪੁਲੀਸ ਨੇ ਮਾਮਲਾ ਦਰਜ ਕਰਕੇ ਇਸ ਸਬੰਧ ਵਿੱਚ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂ ਕਿ ਫਰਾਰ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਘਟਨਾ ਪਿੱਛੇ ਪੁਰਾਣੀ ਦੁਸ਼ਮਣੀ ਦੱਸੀ ਜਾ ਰਹੀ ਹੈ। ਮ੍ਰਿਤਕ ਦੇ ਭਰਾ ਰਾਜੂ ਨੇ ਦੱਸਿਆ ਕਿ ਰਾਜਬੀਰ ਕੌਰ ਦਾ ਆਪਣੇ ਭਤੀਜੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਨਾਲ ਕੁਝ ਝਗੜਾ ਸੀ। ਰਾਜਬੀਰ ਨੇ ਮਸਲਾ ਸੁਲਝਾਉਣ ਲਈ ਸ਼ਮਸ਼ੇਰ ਨੂੰ ਮੁਧਲ ਪਿੰਡ ਬੁਲਾਇਆ ਸੀ। ਸ਼ਮਸ਼ੇਰ ਸਿੰਘ ਅਪਣੇ ਨਾਲ ਮਨਪ੍ਰੀਤ ਸਿੰਘ ਅਤੇ ਉਸਦੇ ਚਾਚੇ ਕੁਲਦੀਪ ਸਿੰਘ ਨੂੰ ਨਾਲ ਲੈ ਗਿਆ। ਦੋਵੇਂ ਗਰੁੱਪ ਪਿੰਡ ਦੇ ਨੇੜੇ ਇੱਕ ਖਾਣ-ਪੀਣ ਵਾਲੇ ਸਥਾਨ 'ਤੇ ਮਿਲੇ ਸਨ। ਰਾਜਬੀਰ ਨੇ ਮੰਗਲ ਸਿੰਘ ਅਤੇ ਕਾਕਾ ਸਮੇਤ ਲਗਪਗ 13 ਵਿਅਕਤੀਆਂ ਨੂੰ ਆਪਣੇ ਨਾਲ ਲਿਆਂਦਾ ਸੀ ਜਿਥੇ ਆਪਸੀ ਝਗੜਾ ਸ਼ੁਰੂ ਹੋ ਗਿਆ। ਰਾਜਬੀਰ ਅਤੇ ਉਸ ਦੇ ਸਾਥੀਆਂ ਨੇ ਮਨਪ੍ਰੀਤ ਅਤੇ ਸ਼ਮਸ਼ੇਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤਾਂ ਕੁਲਦੀਪ ਸਿੰਘ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਇੱਕ ਵਿਅਕਤੀ ਨੇ ਗੋਲੀਆਂ ਚਲਾਈਆਂ ਜੋ ਕੁਲਦੀਪ ਨੂੰ ਲੱਗੀਆਂ ਜਿਸ ਕਾਰਨ ਉਹ ਮੌਕੇ 'ਤੇ ਹੀ ਦਮ ਤੋੜ ਗਿਆ। ਇਸ ਦੌਰਾਨ ਮੁਲਜ਼ਮ ਮੌਕੇ ਤੋਂ ਭੱਜ ਗਏ। ਏਡੀਸੀਪੀ ਨੇ ਕਿਹਾ ਕਿ ਬਾਕੀ ਸ਼ੱਕੀਆਂ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ ਅਤੇ ਇਸ ਸਬੰਧ ਵਿਚ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਸਮੇਤ ਤਕਨੀਕੀ ਵਿਸ਼ਲੇਸ਼ਣ ਜਾਰੀ ਹੈ।