ਨੋਟਿਸ ਦੇ ਡਰਾਵੇ ਨਾਲ ਵਸੂਲੀ ਲੱਖਾਂ ਰੁਪਏ ਦੀ ਰਿਸ਼ਵਤ ਮੁੜਵਾਈ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 23 ਮਈ
ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਤੇ ਕਾਂਗਰਸ ਪਾਰਟੀ ਨਾਲ ਸਬੰਧਤ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਨੇ ਅੱਜ ਮੀਡੀਆ ਸਾਹਮਣੇ ਭ੍ਰਿਸ਼ਟਾਚਾਰ ਪੀੜਤ ਵਿਅਕਤੀ ਹੀ ਪੇਸ਼ ਨਹੀਂ ਕੀਤੇ, ਸਗੋਂ ਉਨ੍ਹਾਂ ਪਾਸੋਂ ਪ੍ਰਾਪਰਟੀ ਟੈਕਸ ਦੇ ਨੋਟਿਸਾਂ ਦੇ ਡਰਾਵੇ ਨਾਲ ਵਸੂਲੀ ਲੱਖਾਂ ਰੁਪਏ ਦੀ ਰਿਸ਼ਵਤ ਵੀ ਮੁੜਵਾਈ। ਇਸ ਸਮੇਂ 5 ਲੱਖ 30 ਹਜ਼ਾਰ ਰੁਪਏ ਦੀ ਵਾਪਸ ਮੁੜੀ ਰਕਮ ਤੋਂ ਖੁਸ਼ ਗੁਰਪ੍ਰੀਤ ਸਿੰਘ ਨੇ ਨਗਰ ਕੌਂਸਲ ਦੇ ਕਾਂਗਰਸੀ ਪ੍ਰਧਾਨ ਜਤਿੰਦਰਪਾਲ ਰਾਣਾ ਤੇ ਉਨ੍ਹਾਂ ਦੇ ਸਾਥੀ ਕੌਂਸਲਰਾਂ ਦਾ ਧੰਨਵਾਦ ਕੀਤਾ।
ਇਸ ਨੌਜਵਾਨ ਨੇ ਕਿਹਾ ਕਿ ਰਿਸ਼ਵਤ ਦੇ ਕੋਈ ਸੌ ਰੁਪਏ ਨਹੀਂ ਮੁੜਦਾ ਪਰ ਉਸਦੀ ਧੋਖੇ ਨਾਲ ਡਰਾ ਕੇ ਵਸੂਲੀ ਏਨੀ ਵੱਡੀ ਰਕਮ ਦਾ ਮੁੜਨਾ ਇਕ ਮਿਸਾਲ ਹੀ ਹੈ। ਇਸ ਮੌਕੇ ਪ੍ਰੈੱਸ ਕਾਨਫਰੰਸ ਦੌਰਾਨ ਕਾਮਰੇਡ ਰਾਜੂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਤਰਾਜ਼ੂ ਵਿੱਚ ਭ੍ਰਿਸ਼ਟਾਚਾਰ ਦੇ ਦੋ ਪੈਮਾਨੇ ਹਨ। ਜਲੰਧਰ ਵਿੱਚ ਇਸੇ ਦੋਸ਼ ਵਿੱਚ ਤਾਂ ਮਾਨ ਸਰਕਾਰ ਆਪਣੇ ਵਿਧਾਇਕ ਖ਼ਿਲਾਫ਼ ਕਾਰਵਾਈ ਕਰਕੇ ਸਖ਼ਤ ਸੁਨੇਹਾ ਦਿੰਦੀ ਹੈ ਪਰ ਦੂਜੇ ਪਾਸੇ ਬਿਲਕੁਲ ਉਸੇ ਕਿਸਮ ਦੇ ਮਾਮਲੇ ਵਿੱਚ ਜਗਰਾਉਂ ਅੰਦਰ ਮੱਚੀ ਅੰਨ੍ਹੀ ਲੁੱਟ ਇਸ ਸਰਕਾਰ ਨੂੰ ਦਿਖਾਈ ਨਹੀਂ ਦਿੰਦੀ। ਇਸ ਸਮੇਂ ਉਨ੍ਹਾਂ ਪੰਜ ਪੀੜਤ ਮੀਡੀਆ ਸਾਹਮਣੇ ਪੇਸ਼ ਕੀਤੇ ਜਿਨ੍ਹਾਂ ਨੂੰ ਲੱਖਾਂ ਦੇ ਨੋਟਿਸ ਜਾਰੀ ਕੀਤੇ ਜਦਕਿ ਉਨ੍ਹਾਂ ਦਾ ਪ੍ਰਾਪਰਟੀ ਟੈਕਸ ਏਨਾ ਬਣਦਾ ਹੀ ਨਹੀਂ ਸੀ।
ਉਨ੍ਹਾਂ ਸਵਾਲ ਕੀਤਾ ਕਿ ਇਕ ਪਾਸੇ ਵਿਧਾਇਕ ਰਮਨ ਅਰੋੜਾ ਤੋਂ ਸਿਰਫ ਨਕਦੀ ਮਿਲੀ ਜਦਕਿ ਜਗਰਾਉਂ ਵਿੱਚ ਇਕੱਲੀ ਰਿਸ਼ਵਤ ਲਈ ਨਹੀਂ ਸਗੋਂ ਵਾਪਸ ਕਰਵਾਈ ਤੇ ਜਿਊਂਦੇ ਗਵਾਹ ਮੌਜੂਦ ਹਨ, ਫੇਰ ਸਰਕਾਰ ਇਥੇ ਕਦੋਂ ਕਾਰਵਾਈ ਕਰੂ? ਦਵਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਉਹ ਚਾਲੀ ਹਜ਼ਾਰ ਰੁਪਏ ਨੋਟਿਸ ਦੇ ਡਰਾਵੇ ਨਾਲ ਵਸੂਲੇ ਜੋ ਉਸਨੇ ਪਤਨੀ ਦੀਆਂ ਕੰਨਾਂ ਦੀਆਂ ਬਾਲੀਆਂ ਗਹਿਣੇ ਰੱਖ ਕੇ ਦਿੱਤੇ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਨੂੰ 25 ਲੱਖ ਦੇ ਦੋ ਨੋਟਿਸ ਜਾਰੀ ਕੀਤੇ ਜਿਸਨੇ ਕਾਰ ਵੇਚ ਕੇ 6 ਲੱਖ ਦੇ ਕਰੀਬ ਰੁਪਏ ਦਿੱਤੇ ਪਰ ਰਸੀਦ ਉਸਨੂੰ ਬਹੁਤ ਘੱਟ ਰੁਪਿਆਂ ਦੀ ਦਿੱਤੀ ਜਿਸ ਤੋਂ ਸ਼ੱਕ ਹੋਇਆ ਤੇ ਮਾਮਲਾ ਉਜਾਗਰ ਹੋ ਗਿਆ। ਇਸੇ ਤਰ੍ਹਾਂ ਦੀਪਕ ਕੁਮਾਰ, ਬਲਜਿੰਦਰ ਸਿੰਘ ਅਤੇ ਦੀਨਾ ਨਾਥ ਸ਼ਾਹ ਨੇ ਵਿਥਿਆ ਸੁਣਾਈ। ਇਨ੍ਹਾਂ ਨੂੰ ਨੋਟਿਸ ਲੱਖਾਂ ਦੇ ਭੇਜੇ ਜਦਕਿ ਅਸਲੀਅਤ ਵਿੱਚ ਪ੍ਰਾਪਰਟੀ ਟੈਕਸ ਕੁਝ ਹਜ਼ਾਰ ਰੁਪਏ ਬਣਦਾ ਸੀ। ਸਬੰਧਤ ਇੰਸਪੈਕਟਰ ਨਾਲ ਗੱਲ ਨਹੀਂ ਹੋ ਸਕੀ ਕਿਉਂਕਿ ਮਾਮਲਾ ਰੌਸ਼ਨੀ ਵਿੱਚ ਆਉਣ ਤੋਂ ਬਾਅਦ ਉਹ ਡਿਊਟੀ ’ਤੇ ਨਹੀਂ ਆਏ।