ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੇੜਿਉਂ ਵੇਖੀ ਰਾਜ ਕਪੂਰ ਦੀ ਸਾਦਗੀ

04:58 AM Jan 04, 2025 IST

ਰਣਜੀਤ ਸਿੰਘ

Advertisement

ਰਾਜ ਕਪੂਰ ਦੀ ਇਸ ਵਰ੍ਹੇ 100ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਉਹ ਇੱਕ ਮਹਾਨ ਫਿਲਮਸਾਜ਼ ਅਤੇ ਵੱਡਾ ਕਲਾਕਾਰ ਸੀ। ਉਸ ਦੀਆਂ ਫਿਲਮਾਂ ਦੀ ਖਿੱਚ ਅਤੇ ਸਾਰਥਿਕਤਾ ਸਦੀਵੀ ਹੈ। ਉਸ ਦੇ ਪ੍ਰਸੰਸਕ ਕੇਵਲ ਭਾਰਤ ਵਿੱਚ ਹੀ ਨਹੀਂ, ਸਗੋਂ ਸਾਰੇ ਸੰਸਾਰ ਵਿੱਚ ਹਨ। ਰੂਸੀ ਤਾਂ ਉਸ ਨੂੰ ਆਪਣਾ ਹੀ ਨਾਇਕ ਮੰਨਦੇ ਹਨ। ਫਿਲਮ ਨਿਰਮਾਣ ਸਮੇਂ ਉਸ ਦੇ ਸਾਹਮਣੇ ਇੱਕ ਸੁਪਨਾ ਹੁੰਦਾ ਸੀ ਜਿਸ ਨੂੰ ਪੂਰਾ ਕਰਨ ਲਈ ਉਹ ਆਪਣੇ ਸਾਰੇ ਵਸੀਲੇ ਦਾਅ ’ਤੇ ਲਗਾ ਦਿੰਦਾ ਸੀ।
ਇਸ ਮਹਾਨ ਕਲਾਕਾਰ ਦੀ ਸ਼ਤਾਬਦੀ ਜਿਸ ਪੱਧਰ ’ਤੇ ਮਨਾਉਣੀ ਚਾਹੀਦੀ ਸੀ ਅਜਿਹਾ ਨਹੀਂ ਹੋਇਆ, ਸਗੋਂ ਇਹ ਕੇਵਲ ਉਸ ਦੇ ਪਰਿਵਾਰ ਵੱਲੋਂ ਕੀਤੇ ਇੱਕ ਸਮਾਗਮ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਉਸ ਬਾਰੇ ਸਮਾਗਮ ਅਤੇ ਉਸ ਦੀਆਂ ਫਿਲਮਾਂ ਦਾ ਪ੍ਰਦਰਸ਼ਨ ਸਾਰਾ ਸਾਲ ਚੱਲਣਾ ਚਾਹੀਦਾ ਸੀ। ਮੈਨੂੰ ਉਸ ਨੂੰ ਮਿਲਣ ਦਾ ਮੌਕਾ 1965 ਵਿੱਚ ਮਿਲਿਆ ਸੀ ਜਿਸ ਦੀਆਂ ਕੁਝ ਯਾਦਾਂ ਪਾਠਕਾਂ ਨਾਲ ਸਾਂਝੀਆਂ ਕਰ ਰਿਹਾ ਹਾਂ।
ਮੈਂ ਉਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸੋਲਵੀਂ ਜਮਾਤ ਵਿੱਚ ਪੜ੍ਹਦਾ ਸੀ। ਸਾਡੀ 10 ਮੁੰਡਿਆਂ ਦੀ ਕਲਾਸ ਸੀ। ਕਲਾਸ ਵੱਲੋਂ ਭਾਰਤ ਦਰਸ਼ਨ ਦਾ ਪ੍ਰੋਗਰਾਮ ਬਣਾਇਆ ਗਿਆ। ਮੁੱਖ ਮੰਤਵ ਦੇਸ਼ ਦੀਆਂ ਪ੍ਰਮੁੱਖ ਖੇਤੀ ਖੋਜ ਸੰਸਥਾਵਾਂ ਵਿੱਚ ਜਾਣਾ ਸੀ। ਸਾਡੇ ਨਾਲ ਇੱਕ ਅਧਿਆਪਕ ਸੀ ਜਿਹੜਾ ਸਾਡੇ ਵਰਗਾ ਹੀ ਸੀ ਕਿਉਂਕਿ ਇੱਕ ਸਾਲ ਪਹਿਲਾਂ ਹੀ ਉਨ੍ਹਾਂ ਨੇ ਪੜ੍ਹਾਈ ਪੂਰੀ ਕਰਕੇ ਨੌਕਰੀ ਸ਼ੁਰੂ ਕੀਤੀ ਸੀ। ਉਦੋਂ ਗੱਡੀਆਂ ਵਿੱਚ ਰਾਖਵਾਂਕਰਨ ਨਹੀਂ ਹੁੰਦਾ ਸੀ ਤੇ ਬਿਸਤਰੇ ਵੀ ਆਪਣੇ ਹੀ ਲੈ ਕੇ ਜਾਣੇ ਪੈਂਦੇ ਸਨ। ਸਾਡੇ ਪ੍ਰੋਗਰਾਮ ਵਿੱਚ ਦਿੱਲੀ, ਆਗਰਾ, ਹੈਦਰਾਬਾਦ, ਬੰਗਲੌਰ, ਮੈਸੂਰ, ਊਟੀ, ਬੰਬਈ ਆਦਿ ਸ਼ਾਮਲ ਸਨ। ਬੰਬਈ ਯਾਨੀ ਮੁੰਬਈ ਸਾਡਾ ਆਖਰੀ ਪੜਾਅ ਸੀ ਤੇ ਉੱਥੋਂ ਮੁੜ ਸਿੱਧੇ ਲੁਧਿਆਣਾ ਆਉਣਾ ਸੀ। ਸਟੇਸ਼ਨ ਉਤੇ ਗੱਡੀ ਪੁੱਜਣ ਦੇ ਸਾਰ ਹੀ ਸਾਡੇ ਵਿੱਚੋਂ ਜਿਹੜੇ ਪੰਜ ਤਕੜੇ ਮੁੰਡੇ ਸਨ, ਉਹ ਤੇਜ਼ੀ ਨਾਲ ਡੱਬੇ ਅੰਦਰ ਵੜ ਕੇ ਸੀਟਾਂ ਮੱਲਦੇ ਸਨ ਤੇ ਪਿੱਛੋਂ ਸਾਮਾਨ ਟਿਕਾਇਆ ਜਾਂਦਾ ਸੀ। ਉਦੋਂ ਸਫ਼ਰ ਮਜ਼ੇਦਾਰ ਹੁੰਦਾ ਸੀ। ਉਦੋਂ ਕਿਹੜਾ ਮੋਬਾਈਲ ਹੁੰਦੇ ਸਨ। ਸਾਰਾ ਰਾਹ ਗੱਪਾਂ ਮਾਰਦੇ ਤੇ ਰੌਲਾ ਪਾਉਂਦਿਆਂ ਹੀ ਬੀਤ ਜਾਂਦਾ ਸੀ। ਮੁੰਬਈ ਸਾਡੀ ਗੱਡੀ ਦਾਦਰ ਸਟੇਸ਼ਨ ਉਤੇ ਪੁੱਜੀ।
ਦਾਦਰ ਗੁਰੂ ਘਰ ਵਿੱਚ ਕਮਰਾ ਮਿਲ ਗਿਆ। ਦੂਜੇ ਦਿਨ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਸੀ। ਸਾਡੇ ਸਾਰਿਆਂ ਦੀ ਇੱਛਾ ਕਿਸੇ ਫਿਲਮ ਦੀ ਸ਼ੂਟਿੰਗ ਵੇਖਣਾ ਸੀ। ਸਾਡੇ ਇੱਕ ਸਾਥੀ ਦੇ ਰਿਸ਼ਤੇਦਾਰਾਂ ਦਾ ਇੱਥੇ ਟਰਾਂਸਪੋਰਟ ਦਾ ਕਾਰੋਬਾਰ ਸੀ। ਉਨ੍ਹਾਂ ਇੱਕ ਸਟੇਸ਼ਨ ਵੈਗਨ ਭੇਜ ਦਿੱਤੀ ਤਾਂ ਜੋ ਅਸੀਂ ਮੁੰਬਈ ਦੀ ਸੈਰ ਕਰ ਸਕੀਏ। ਗੱਡੀ ਦੇ ਡਰਾਈਵਰ ਨੇ ਜਦੋਂ ਪੁੱਛਿਆ ਕਿ ਕਿੱਥੇ ਚੱਲੀਏ ਤਾਂ ਸਾਡੇ ਸਾਰਿਆਂ ਮੂੰਹੋਂ ਇਹੋ ਨਿਕਲਿਆ ਅਸੀਂ ਤਾਂ ਸਭ ਤੋਂ ਪਹਿਲਾਂ ਕਿਸੇ ਫਿਲਮ ਦੀ ਸ਼ੂਟਿੰਗ ਵੇਖਣੀ ਹੈ। ਉਸ ਨੇ ਆਖਿਆ ਕਿ ਇੱਥੋਂ ਸਭ ਤੋਂ ਨੇੜੇ ਚੰਬੂਰ ਵਿਖੇ ਆਰ ਕੇ ਸਟੂਡੀਓ ਹੈ, ਉੱਥੇ ਚੱਲਦੇ ਹਾਂ, ਸੁਣਿਆ ਹੈ ਰਾਜ ਕਪੂਰ ਸਾਹਿਬ ਪੰਜਾਬ ਤੋਂ ਆਇਆਂ ਨੂੰ ਖਿੜੇ ਮੱਥੇ ਮਿਲਦੇ ਹਨ। ਹੋਰ ਕੀ ਚਾਹੀਦਾ ਸੀ। ਰਾਜ ਕਪੂਰ ਸਾਰਿਆਂ ਦੇ ਚਹੇਤੇ ਕਲਾਕਾਰ ਸਨ ਤੇ ਆਰ ਕੇ ਸਟੂਡੀਓ ਦੇ ਨਾਮ ਤੋਂ ਸਾਰੇ ਹੀ ਜਾਣੂ ਸਨ। ਅਸੀਂ ਉਤਸਕ ਸਾਂ ਪਰ ਇਹ ਵੀ ਪ੍ਰਾਰਥਨਾ ਕਰ ਰਹੇ ਸਾਂ ਕਿ ਰਾਜ ਕਪੂਰ ਸਾਹਿਬ ਮਿਲ ਜਾਣ। ਡਰਾਈਵਰ ਨੇ ਗੱਡੀ ਆਰ ਕੇ ਸਟੂਡੀਓ ਦੇ ਗੇਟ ਅੱਗੇ ਰੋਕ ਦਿੱਤੀ।
ਸਾਡੇ ਪ੍ਰੋਫੈਸਰ ਨੇ ਗੇਟ ’ਤੇ ਖੜ੍ਹੇ ਦਰਬਾਨ ਨੂੰ ਪੁੱਛਿਆ, ‘‘ਰਾਜ ਕਪੂਰ ਸਾਹਿਬ ਹਨ?’’ ਦਰਬਾਨ ਦਾ ਉੱਤਰ ਸੀ। ‘‘ਹਾਂ ਜੀ ਹੈਗੇ।’’ ਸਾਡੇ ਚਿਹਰੇ ਖ਼ੁਸ਼ੀ ਨਾਲ ਖਿੜ ਗਏ। ਪ੍ਰੋਫੈਸਰ ਸਾਹਿਬ ਨੇ ਫਿਰ ਆਖਿਆ, ‘‘ਅਸੀਂ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਾਂ?’’ ਦਰਬਾਨ ਦਾ ਉੱਤਰ ਸੀ ਕਿ ਤੁਸੀਂ ਇੱਥੇ ਹੀ ਰੁਕੋ ਉਹ ਪੁੱਛ ਕੇ ਆਉਂਦਾ ਹੈ। ਅਸੀਂ ਕੀ ਵੇਖਦੇ ਹਾਂ ਕਿ ਰਾਜ ਕਪੂਰ ਸਾਹਿਬ ਨੰਗੇ ਪੈਰੀਂ ਸਾਡੇ ਵੱਲ ਆ ਰਹੇ ਸਨ। ਅਸੀਂ ਅੱਗੇ ਵਧ ਕੇ ਸਤਿ ਸ੍ਰੀ ਅਕਾਲ ਬੁਲਾਈ। ਉਨ੍ਹਾਂ ਸਾਡੇ ਨਾਲ ਹੱਥ ਮਿਲਾਇਆ ਤੇ ਸਾਨੂੰ ਸਾਰਿਆਂ ਨੂੰ ਆਪਣੇ ਨਾਲ ਅੰਦਰ ਆਉਣ ਲਈ ਆਖਿਆ। ਸਟੂਡੀਓ ਦੇ ਇੱਕ ਪਾਸੇ ਥੀਏਟਰ ਸੀ। ਉਸ ਦੇ ਬੂਹੇ ਉਤੇ ਪੁੱਜ ਕੇ ਉਹ ਆਖਣ ਲੱਗੇ, ‘‘ਤੁਹਾਨੂੰ ਇੱਕ ਤਕਲੀਫ਼ ਕਰਨੀ ਪਵੇਗੀ। ਅੰਦਰ ਜਾਣ ਤੋਂ ਪਹਿਲਾਂ ਜੁੱਤੀਆਂ ਲਾਹੁਣੀਆਂ ਪੈਣਗੀਆਂ। ਮੇਰੇ ਲਈ ਥੀਏਟਰ ਇੱਕ ਪਵਿੱਤਰ ਸਥਾਨ ਹੈ, ਇੱਥੇ ਅਸੀਂ ਸਾਰੇ ਜੁੱਤੀਆਂ ਉਤਾਰ ਕੇ ਜਾਂਦੇ ਹਾਂ।’’ ਅਸੀਂ ਆਪਣੀਆਂ ਜੁੱਤੀਆਂ ਲਾਹ ਕੇ ਅੰਦਰ ਚਲੇ ਗਏ।
ਇਹ ਛੋਟਾ ਜਿਹਾ ਬਹੁਤ ਸੁੰਦਰ ਥੀਏਟਰ ਸੀ। ਉਹ ਆਖਣ ਲੱਗੇ, ‘‘ਜਦੋਂ ਕੋਈ ਪੰਜਾਬ ਤੋਂ ਆਉਂਦਾ ਹੈ ਤਾਂ ਬਹੁਤ ਹੀ ਖ਼ੁਸ਼ੀ ਹੁੰਦੀ ਹੈ।’’ ਉਹ ਬਹੁਤ ਪਿਆਰੀ ਪੰਜਾਬੀ ਬੋਲ ਰਹੇ ਸਨ। ਸਾਡਾ ਇੱਕ ਸਾਥੀ ਆਖਣ ਲੱਗਾ, ‘‘ਤੁਸੀਂ ਤਾਂ ਬਹੁਤ ਵਧੀਆ ਪੰਜਾਬੀ ਬੋਲਦੇ ਹੋ।’’ ਤਾਂ ਰਾਜ ਕਪੂਰ ਦਾ ਉੱਤਰ ਸੀ, ‘‘ਪੰਜਾਬੀ ਹਾਂ ਤਾਂ ਪੰਜਾਬੀ ਹੀ ਬੋਲਾਂਗਾ, ਫ਼ਾਰਸੀ ਤੇ ਨਹੀਂ ਬੋਲਾਂਗਾ।’’ ਅਸੀਂ ਪੁੱਛਿਆ ‘‘ਤੁਸੀਂ ਪੰਜਾਬੀ ਵਿੱਚ ਫਿਲਮ ਕਿਉਂ ਨਹੀਂ ਬਣਾਉਂਦੇ?’’ ਉਨ੍ਹਾਂ ਦਾ ਉੱਤਰ ਸੀ, ‘‘ਜਦੋਂ ਕੋਈ ਵਧੀਆ ਕਹਾਣੀ ਮਿਲੀ ਤਾਂ ਜ਼ਰੂਰ ਪੰਜਾਬੀ ਫਿਲਮ ਬਣਾਵਾਂਗਾ। ਪੰਜਾਬੀ ਫਿਲਮਾਂ ਵੇਖਣ ਵਾਲਿਆਂ ਦੀ ਗਿਣਤੀ ਥੋੜ੍ਹੀ ਹੈ। ਖ਼ਰਚਾ ਪੂਰਾ ਹੋਣ ਦਾ ਵੀ ਡਰ ਹੁੰਦਾ ਹੈ। ਖੈਰ! ਮੈਂ ਆਪਣੀ ਇੱਛਾ ਜ਼ਰੂਰ ਪੂਰੀ ਕਰਾਂਗਾ।’’ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਹਮੇਸ਼ਾ ਪ੍ਰੇਮ ਕਹਾਣੀਆਂ ’ਤੇ ਆਧਾਰਿਤ ਫਿਲਮਾਂ ਹੀ ਕਿਉਂ ਬਣਾਉਂਦੇ ਹੋ ਤਾਂ ਉਨ੍ਹਾਂ ਦਾ ਉੱਤਰ ਸੀ, ‘‘ਸੰਸਾਰ ਵਿੱਚ ਸਭ ਪਾਸੇ ਲੜਾਈ, ਝਗੜੇ, ਨਫ਼ਰਤ ਦਾ ਬੋਲਬਾਲਾ ਹੈ। ਮੈਂ ਇਸ ਵਿੱਚ ਹੋਰ ਵਾਧਾ ਨਹੀਂ ਕਰਨਾ ਚਾਹੁੰਦਾ, ਸਗੋਂ ਕੋਸ਼ਿਸ਼ ਕਰਦਾ ਹਾਂ ਕਿ ਇਸ ਵਿੱਚ ਕੁਝ ਕਮੀ ਕਰ ਸਕਾਂ।’’
ਉਨ੍ਹਾਂ ਅੱਗੇ ਕਿਹਾ, ‘‘ਬਰਸਾਤ’ ਫਿਲਮ ਦੀ ਸਫਲਤਾ ਨਾਲ ਮੇਰਾ ਹੱਥ ਕੁੱਝ ਖੁੱਲ੍ਹਾ ਹੋ ਗਿਆ ਤੇ ਮੈਂ ਆਪਣੇ ਸੁਪਨਿਆਂ ਦਾ ਸਟੂਡੀਓ ਬਣਾ ਸਕਿਆ ਹਾਂ।’’ 1948 ਵਿੱਚ ਢਾਈ ਏਕੜ ਜ਼ਮੀਨ ’ਤੇ ਇਹ ਸਟੂਡੀਓ ਬਣਾਇਆ ਗਿਆ ਸੀ। ਅਸੀ ਉਨ੍ਹਾਂ ਨੂੰ ਪੁੱਛਿਆ, ‘‘ਆਪਣੇ ਦੇਸ਼ ਵਿੱਚ ਤਾਂ ਤੁਸੀਂ ਸਾਰਿਆਂ ਦੇ ਦਿਲਾਂ ਦੀ ਧੜਕਣ ਹੋ। ਰੂਸ ਵਿੱਚ ਵੀ ਲੋਕੀਂ ਤੁਹਾਡੇ ਲਈ ਪਾਗਲ ਹੋਏ ਫਿਰਦੇ ਹਨ।’’ ਉਨ੍ਹਾਂ ਦਾ ਉੱਤਰ ਸੀ, ‘‘ਪਿਆਰ ਦੀ ਆਪਣੀ ਹੀ ਭਾਸ਼ਾ ਹੁੰਦੀ ਹੈ ਜਿਸ ਨੂੰ ਸਾਰੇ ਸਮਝਦੇ ਹਨ। ਕੁੱਝ ਇਹ ਵੀ ਆਖਦੇ ਹਨ ਕਿ ਮੇਰੀ ਸ਼ਕਲ ਰੂਸੀਆਂ ਨਾਲ ਵਧੇਰੇ ਮਿਲਦੀ ਹੈ।’’ ਅਸੀਂ ਉਨ੍ਹਾਂ ਨਾਲ ਹੋਰ ਗੱਲਾਂ ਕਰਨੀਆਂ ਚਾਹੁੰਦੇ ਸੀ, ਪਰ ਆਪਣੇ ਅਧਿਆਪਕ ਦਾ ਇਸ਼ਾਰਾ ਸਮਝ ਕੇ ਅਸੀਂ ਚੁੱਪ ਹੋ ਗਏ। ਫਿਰ ਉਨ੍ਹਾਂ ਨੇ ਹੀ ਆਖਿਆ, ‘‘ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ ਤੁਹਾਡੀ ਮੇਹਰਬਾਨੀ, ਅਸੀਂ ਤੁਹਾਡੇ ਕੰਮ ਵਿੱਚ ਹੋਰ ਰੁਕਾਵਟ ਨਹੀਂ ਬਣਨਾ ਚਾਹੁੰਦੇ, ਹੁਣ ਸਾਨੂੰ ਆਗਿਆ ਦੇਵੋ।’’ ਇਹ ਸੁਣਦਿਆਂ ਹੀ ਉਨ੍ਹਾਂ ਨੇ ਕਿਹਾ, ‘‘ਇਹ ਕਿਵੇਂ ਹੋ ਸਕਦਾ ਹੈ, ਤੁਸੀਂ ਪੰਜਾਬ ਤੋਂ ਆਏ ਹੋ, ਤੁਹਾਡੀ ਸੇਵਾ ਤਾਂ ਕਰਨੀ ਬਣਦੀ ਹੈ। ਆਓ, ਪਹਿਲਾਂ ਚਾਹ ਪੀਈਏ।’’ ਉਹ ਸਾਨੂੰ ਆਪਣੀ ਕਾਟਜ ਵੱਲ ਲੈ ਗਏ। ਉੱਥੇ ਪਹਿਲਾਂ ਹੀ ਚਾਹ ਤੇ ਕੁੱਝ ਖਾਣ ਦਾ ਸਾਮਾਨ ਸਜਿਆ ਹੋਇਆ ਸੀ। ਅਸੀਂ ਚਾਹ ਪੀ ਰਹੇ ਸਾਂ ਤੇ ਉਨ੍ਹਾਂ ਦੀ ਸਾਦਗੀ ਅਤੇ ਨਿਮਰਤਾ ਵੇਖ ਕੇ ਹੈਰਾਨ ਹੋ ਰਹੇ ਸਾਂ। ਜਿਸ ਰਾਜ ਕਪੂਰ ਦੇ ਦਰਸ਼ਨ ਲਈ ਅਸੀਂ ਤਰਸਦੇ ਸਾਂ, ਅੱਜ ਉਸ ਹੀ ਮਹਾਨ ਕਲਾਕਾਰ ਨਾਲ ਉਸ ਦੇ ਸਟੂਡੀਓ ਵਿੱਚ ਚਾਹ ਪੀਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਇਸ ਤੋਂ ਵੱਡੀ ਖ਼ੁਸ਼ਕਿਸਮਤੀ ਹੋਰ ਕੀ ਹੋ ਸਕਦੀ ਸੀ।
ਚਾਹ ਪੀਣ ਪਿੱਛੋਂ ਅਸੀਂ ਉਨ੍ਹਾਂ ਤੋਂ ਆਗਿਆ ਲਈ ਤਾਂ ਉਹ ਸਾਨੂੰ ਗੇਟ ਤੱਕ ਛੱਡਣ ਆਏ ਤੇ ਸਾਡੇ ਸਾਰਿਆਂ ਨਾਲ ਹੱਥ ਮਿਲਾਇਆ। ਇਹ ਅਭੁੱਲ ਯਾਤਰਾ ਸਾਡੇ ਚੇਤਿਆਂ ਵਿੱਚ ਹਮੇਸ਼ਾ ਲਈ ਉੱਕਰੀ ਗਈ। ਹੁਣ ਜਦੋਂ ਆਰ ਕੇ ਸਟੂਡੀਓ ਦੇ ਵਿਕ ਜਾਣ ਦੀ ਖ਼ਬਰ ਪੜ੍ਹੀ ਤਾਂ ਬਹੁਤ ਹੀ ਅਫ਼ਸੋਸ ਹੋਇਆ। ਉਨ੍ਹਾਂ ਦਾ ਪਰਿਵਾਰ ਆਪਣੀ ਮਹਾਨ ਵਿਰਾਸਤ ਨੂੰ ਸੰਭਾਲ ਨਾ ਸਕਿਆ।

Advertisement
Advertisement