ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੂਹ ਹਿੰਸਾ ’ਚ ਹੋਮਗਾਰਡ ਦੇ ਦੋ ਜਵਾਨ ਹਲਾਕ

08:41 AM Aug 01, 2023 IST
ਹਰਿਆਣਾ ਦੇ ਨੂਹ ਵਿੱਚ ਹਿੰਸਕ ਝੜਪ ਦੌਰਾਨ ਜ਼ਖ਼ਮੀ ਹੋਏ ਪੁਲੀਸ ਕਰਮੀ ਨੂੰ ਸੁਰੱਖਿਅਤ ਥਾਂ ਵੱਲ ਲਿਜਾਂਦਾ ਹੋਇਆ ਉਸ ਦਾ ਸਾਥੀ। -ਫੋਟੋ: ਏਐੱਨਆਈ

* ਹਜੂਮ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਦਾਗ਼ੇ

* ਇਲਾਕੇ ਵਿੱਚ ਭਲਕ ਤੱਕ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ

ਗੁਰੂਗ੍ਰਾਮ/ਚੰਡੀਗੜ੍ਹ, 31 ਜੁਲਾਈ
ਹਰਿਆਣਾ ਦੇ ਨੂਹ ਵਿੱਚ ਧਾਰਮਿਕ ਯਾਤਰਾ ਦੌਰਾਨ ਦੋ ਫਿਰਕਿਆਂ ਵਿੱਚ ਹੋਈ ਹਿੰਸਕ ਝੜਪ ਦੌਰਾਨ ਹੋਮਗਾਰਡ ਦੇ ਦੋ ਜਵਾਨਾਂ ਦੀ ਮੌਤ ਹੋ ਗਈ, ਜਦਕਿ ਦਰਜਨਾਂ ਪੁਲੀਸ ਕਰਮੀ ਜ਼ਖ਼ਮੀ ਹੋ ਗਏ। ਮਿ੍ਰਤਕਾਂ ਦੀ ਪਛਾਣ ਨੀਰਜ ਅਤੇ ਗੁਰਸੇਵਕ ਵਜੋਂ ਹੋਈ ਹੈ। ਤਣਾਅ ਫੈਲਣ ਕਾਰਨ ਨੂਹ ਜ਼ਿਲ੍ਹੇ ’ਚ ਕਰਫਿਊ ਲਗਾ ਦਿੱਤਾ ਗਿਆ ਹੈ। ਨੂਹ ਜ਼ਿਲ੍ਹੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੀ ਯਾਤਰਾ ਨੂੰ ਰੋਕਣ ’ਤੇ ਦੋ ਸਮੂਹਾਂ ਵਿੱਚ ਪੱਥਰਬਾਜ਼ੀ ਹੋਈ। ਇਸ ਦੌਰਾਨ ਭੀੜ ਨੇ ਕਾਰਾਂ ਨੂੰ ਅੱਗ ਲਗਾ ਦਿੱਤੀ। ਹਿੰਸਕ ਘਟਨਾ ਦੌਰਾਨ ਇੱਕ ਦਰਜਨ ਤੋਂ ਵੱਧ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਅੱਠ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

Advertisement

ਨੂਹ ਵਿੱਚ ਪੁਲੀਸ ’ਤੇ ਪਥਰਾਅ ਕਰਦੀ ਹੋਈ ਲੋਕਾਂ ਦੀ ਭੀੜ। -ਫੋਟੋ: ਪੀਟੀਆਈ

ਜ਼ਖ਼ਮੀਆਂ ਵਿੱਚ ਸ਼ਾਮਲ ਡੀਐੱਸਪੀ ਸੱਜਣ ਸਿੰਘ ਦੇ ਸਿਰ ਅਤੇ ਇੱਕ ਇੰਸਪੈਕਟਰ ਦੇ ਢਿੱਡ ਵਿੱਚ ਗੋਲੀ ਲੱਗੀ। ਪੁਲੀਸ ਨੇ ਭੀੜ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਦਾਗ਼ੇ। ਇਲਾਕੇ ਵਿੱਚ ਤਣਾਅ ਮਗਰੋਂ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਹਰਿਆਣਾ ਸਰਕਾਰ ਨੇ ‘ਤਿੱਖੇ ਫਿਰਕੂ ਤਣਾਅ’ ਨਾਲ ਨਜਿੱਠਣ ਲਈ ਇਲਾਕੇ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੁੱਧਵਾਰ ਤੱਕ ਮੁਅੱਤਲ ਕਰ ਦਿੱਤੀਆਂ ਹਨ। ਪੁਲੀਸ ਅਨੁਸਾਰ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ‘ਬ੍ਰਿਜ ਮੰਡਲ ਜਲਭਿਸ਼ੇਕ ਯਾਤਰਾ’ ਕੱਢੀ ਜਾ ਰਹੀ ਸੀ, ਜਿਸ ਨੂੰ ਨੂਹ ਵਿੱਚ ਖੇਡਲਾ ਮੋੜ ’ਤੇ ਨੌਜਵਾਨਾਂ ਦੇ ਇੱਕ ਧੜੇ ਨੇ ਰੋਕਿਆ ਅਤੇ ਜਲੂਸ ’ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਯਾਤਰਾ ਵਿੱਚ ਸ਼ਾਮਲ ਲੋਕਾਂ ਨੇ ਵੀ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨਾਂ ’ਤੇ ਪਥਰਾਅ ਕੀਤਾ। ਬਾਅਦ ਵਿੱਚ ਕੁੱਝ ਲੋਕਾਂ ਨੇ ਜਾਨ ਬਚਾਉਣ ਲਈ ਇੱਕ ਮੰਦਰ ਵਿੱਚ ਸ਼ਰਨ ਲਈ, ਜਿਨ੍ਹਾਂ ਨੂੰ ਪੁਲੀਸ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ।ਵਾਇਰਲ ਹੋਈਆਂ ਵੀਡੀਓ ਕਲਿੱਪ ਵਿੱਚੋਂ ਇੱਕ ਵਿੱਚ ਚਾਰ ਗੱਡੀਆਂ ਨੂੰ ਅੱਗ ਲੱਗੀ ਦਿਖਾਈ ਦੇ ਰਹੀ ਹੈ, ਜਦਕਿ ਇੱਕ ਹੋਰ ਵੀਡੀਓ ਵਿੱਚ ਪੁਲੀਸ ਦੀਆਂ ਦੋ ਗੱਡੀਆਂ ਨੁਕਸਾਨੀਆਂ ਦਿਖਾਈ ਦੇ ਰਹੀਆਂ ਹਨ। ਵੀਡੀਓ ਵਿੱਚ ਗੋਲੀ ਚੱਲਣ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਬਹੁ-ਗਿਣਤੀ ਮੁਸਲਿਮ ਵਸੋਂ ਵਾਲੇ ਨੂਹ ਵਿੱਚ ਹਿੰਸਕ ਘਟਨਾਵਾਂ ਦੀ ਖ਼ਬਰ ਫ਼ੈਲਣ ਮਗਰੋਂ ਗੁਰੂਗ੍ਰਾਮ ਜ਼ਿਲ੍ਹੇ ਦੇ ਸੋਹਣਾ ਵਿੱਚ ਚਾਰ ਵਾਹਨਾਂ ਅਤੇ ਇੱਕ ਦੁਕਾਨ ਨੂੰ ਅੱਗ ਲਗਾ ਦਿੱਤੀ ਗਈ। ਪ੍ਰਦਰਸ਼ਨਕਾਰੀਆਂ ਨੇ ਘੰਟਿਆਂ ਤੱਕ ਸੜਕ ਜਾਮ ਕੀਤੀ। ਇਸ ਯਾਤਰਾ ਨੂੰ ਗੁਰੂਗ੍ਰਾਮ ਦੇ ਸਿਵਲ ਲਾਈਨਜ਼ ਤੋਂ ਭਾਜਪਾ ਜ਼ਿਲ੍ਹਾ ਪ੍ਰਧਾਨ ਗਾਰਗੀ ਕੱਕੜ ਨੇ ਰਵਾਨਾ ਕੀਤਾ ਸੀ। ਯਾਤਰਾ ਦੇ ਨਾਲ ਪੁਲੀਸ ਦੀ ਇੱਕ ਟੁਕੜੀ ਤਾਇਨਾਤ ਸੀ। ਕੁੱਝ ਦਾਅਵਿਆਂ ਅਨੁਸਾਰ ਹਿੰਸਕ ਘਟਨਾ ਦੀ ਮੁੱਖ ਵਜ੍ਹਾ ਬੱਲਭਗੜ੍ਹ ਵਿੱਚ ਬਜਰੰਗ ਦਲ ਦੇ ਇੱਕ ਕਾਰਕੁਨ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਹੈ। ਇੱਥੇ ਇਹ ਵੀ ਖਬਰਾਂ ਹਨ ਕਿ ਦੋ ਮੁਸਲਿਮ ਵਿਅਕਤੀਆਂ ਦੇ ਕਤਲ ਦੇ ਦੋਸ਼ ਹੇਠ ਲੋੜੀਂਦਾ ਗਊ ਰੱਖਿਅਕ ਮੋਨੂ ਮਾਨੇਸਰ ਵੀ ਇਸ ਯਾਤਰਾ ਵਿੱਚ ਸ਼ਾਮਲ ਹੋਣ ਵਾਲਾ ਸੀ।
ਹਾਲਾਂਕਿ ਉਸ ਨੇ ਵਿਸ਼ਵ ਹਿੰਦੂ ਪਰਿਸ਼ਦ ਦੀ ਸਲਾਹ ’ਤੇ ਯਾਤਰਾ ਵਿੱਚ ਹਿੱਸਾ ਨਹੀਂ ਲਿਆ ਸੀ ਕਿਉਂਕਿ ਵੀਐੱਚਪੀ ਨੂੰ ਡਰ ਸੀ ਕਿ ਉਸ ਦੀ ਮੌਜੂਦਗੀ ਤਣਾਅ ਪੈਦਾ ਕਰੇਗੀ। ਟਵਿੱਟਰ ’ਤੇ ਮੋਨੂ ਨੂੰ ਨੂਹ ਨਾ ਆਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸੀ। -ਪੀਟੀਆਈ

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਸ਼ਾਂਤੀ ਬਹਾਲੀ ਦੀ ਅਪੀਲ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਹੋਰ ਆਗੂਆਂ ਨੇ ਸੂਬੇ ਦੇ ਲੋਕਾਂ ਨੂੰ ਸ਼ਾਂਤੀ ਬਹਾਲੀ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ‘ਹਰਿਆਣਾ ਏਕ ਹਰਿਆਣਵੀ ਏਕ’ ਦੇ ਸਿਧਾਂਤ ’ਤੇ ਚੱਲਦਿਆਂ ਸੂਬਾ ਵਾਸੀਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਮੁੱਦਿਆਂ ਨੂੰ ਗੱਲਬਾਤ ਰਾਹੀਂ ਸੁਲਝਾਇਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੰਵਿਧਾਨ ਤੋਂ ਉੱਪਰ ਕੁਝ ਨਹੀਂ ਹੈ। ਉਨ੍ਹਾਂ ਕਿਹਾ, ‘‘ਅਮਨ ਸ਼ਾਂਤੀ ਦੀ ਬਹਾਲੀ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ।’’ ਕਾਂਗਰਸ ਵਿਧਾਇਕ ਭੁਪੇਂਦਰ ਸਿੰਘ ਹੁੱਡਾ ਨੇ ਵੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।

Advertisement

ਸਥਿਤੀ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ: ਵਿੱਜ

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਇਲਾਕੇ ਵਿੱਚ ਅਮਨ ਕਾਨੂੰਨ ਦੀ ਬਹਾਲੀ ਲਈ ਉਹ ਲਗਾਤਾਰ ਸੀਨੀਅਰ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਗੁਆਂਢੀ ਜ਼ਿਲ੍ਹਿਆਂ ਤੋਂ ਵਾਧੂ ਪੁਲੀਸ ਬਲ ਮੰਗਵਾ ਲਏ ਹਨ। ਕੇਂਦਰੀ ਬਲਾਂ ਦੀ ਵੀ ਮੰਗ ਕੀਤੀ ਗਈ ਹੈ ਅਤੇ ਇਲਾਕੇ ਵਿੱਚ ਹੈਲੀਕਾਪਟਰ ਰਾਹੀਂ ਸੁਰੱਖਿਆ ਬਲ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਸਕੇ। ਵਿੱਜ ਨੇ ਕਿਹਾ, ‘‘ਅਸੀਂ ਲੋਕਾਂ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ।’’

Advertisement