ਨੀਟ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਦੇ ਕੜੇ ਉਤਾਰਨ ਦਾ ਵਿਰੋਧ
ਅੰਮ੍ਰਿਤਸਰ, 7 ਮਈ
ਚੀਫ ਖਾਲਸਾ ਦੀਵਾਨ ਨੇ ਬੀਤੇ ਦਿਨ ਹੋਈ ਨੀਟ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਆਪਣੇ ਧਾਰਮਿਕ ਕੱਕਾਰ ਕੜੇ ਨੂੰ ਉਤਾਰਨ ਲਈ ਮਜਬੂਰ ਕਰਨ ਦੀਆਂ ਘਟਨਾਵਾਂ ’ਤੇ ਸਖਤ ਰੋਸ ਜਤਾਇਆ ਹੈ। ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ ਇੰਦਰਬੀਰ ਸਿੰਘ ਨਿੱਜਰ ਅਤੇ ਅਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂ ਨੰਗਲ ਨੇ ਕਿਹਾ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਕੜਾ ਸਿੱਖੀ ਦਾ ਅਟੂਟ ਅੰਗ ਹੈ, ਜਿਸਨੂੰ ਕਿਸੇ ਵੀ ਤਰੀਕੇ ਨਾਲ ਉਤਾਰਨ ਦੀ ਮਜਬੂਰੀ ਸਿੱਖਾਂ ਦੀ ਧਾਰਮਿਕ ਅਤੇ ਸੰਵਿਧਾਨਿਕ ਅਜ਼ਾਦੀ ਤੇ ਸਿੱਧਾ ਹਮਲਾ ਹੈ । ਨੀਟ ਜਾਂ ਹੋਰ ਮੁੱਖ ਪ੍ਰੀਖਿਆਵਾਂ ਦੌਰਾਨ ਵਿਦਿਆਰਥੀ ਧਾਰਮਿਕ ਚਿੰਨ੍ਹਾਂ ਤੋਂ ਵਾਂਝੇ ਨਹੀਂ ਕੀਤੇ ਜਾਣੇ ਚਾਹੀਦੇ। ਪ੍ਰੀਖਿਆ ਅਧਿਕਾਰੀਆਂ ਦਾ ਆਏ ਦਿਨ ਇਹ ਅਪਮਾਨਜਨਕ ਵਰਤਾਅ ਸਿੱਖ ਵਿਦਿਆਰਥੀਆਂ ਦੇ ਮਨੋਬਲ ਨੂੰ ਠੇਸ ਪਹੁੰਚਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਨੇ ਸਿੱਖ ਭਾਈਚਾਰੇ ਵਿੱਚ ਚਿੰਤਾ ਪੈਦਾ ਕੀਤੀ ਹੈ। ਦੀਵਾਨ ਨੇ ਇਸ ਵਤੀਰੇ ’ਤੇ ਨਾਰਾਜ਼ਗੀ ਜਤਾਉਂਦੇ ਹੋਏ ਕੇਂਦਰ ਸਰਕਾਰ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰੀਖਿਆ ਨੀਤੀਆਂ ਵਿੱਚ ਤੁਰੰਤ ਤਬਦੀਲੀ ਕਰਕੇ ਸਿੱਖ ਵਿਦਿਆਰਥੀਆਂ ਦੀ ਧਾਰਮਿਕ ਆਜ਼ਾਦੀ ਨੂੰ ਯਕੀਨੀ ਬਣਾਉਣ। ਦੀਵਾਨ ਦੇ ਆਗੂਆਂ ਨੇ ਕਿਹਾ ਕਿ ਵਿਸ਼ਵ ਭਰ ਦੇ ਸਿੱਖਾਂ ਨੂੰ ਸਿੱਖੀ ਦੀ ਆਨ ਅਤੇ ਸ਼ਾਨ ਕਾਇਮ ਰੱਖਣ ਲਈ ਇਸ ਦੇ ਵਿਰੋਧ ਵਿਚ ਅੱਗੇ ਆਉਣਾ ਚਾਹੀਦਾ ਹੈ।