ਨੀਟ ਪ੍ਰੀਖਿਆ ਦੇ ਮੋਹਰੀ ਕੇਸ਼ਵ ਮਿੱਤਲ ਦਾ ਡੀਐੱਮ ਗਰੁੱਪ ’ਚ ਸਨਮਾਨ
ਖੇਤਰੀ ਪ੍ਰਤੀਨਿਧ
ਰਾਮਪੁਰਾ ਫੂਲ, 19 ਜੂਨ
ਡੀਐੱਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀ ਕੇਸ਼ਵ ਮਿੱਤਲ ਨੇ ਨੀਟ 2025 ’ਚ ਪੰਜਾਬ ’ਚੋਂ ਪਹਿਲਾ ਅਤੇ ਦੇਸ਼ ਭਰ ’ਚੋਂ ਸੱਤਵਾਂ ਸਥਾਨ ਹਾਸਲ ਕੀਤਾ ਹੈ। ਕੇਸ਼ਵ ਦੀ ਇਸ ਕਾਮਯਾਬੀ ਸਦਕਾ ਉਸ ਦਾ ਡੀਐੱਮ ਗਰੁੱਪ ਆਫ ਇੰਸਟੀਚਿਊਟ ’ਚ ਚੇਅਰਮੈਨ ਅਵਤਾਰ ਸਿੰਘ ਢਿੱਲੋਂ ਨੇ ਸੋਨੇ ਦੇ ਤਗ਼ਮੇ ਨਾਲ ਸਨਮਾਨ ਕੀਤਾ।
ਸ੍ਰੀ ਢਿੱਲੋਂ ਨੇ ਕਿਹਾ ਕਿ ਪਿਛਲੇ ਸਾਲ ਵਿਦਿਆਰਥੀ ਅਨੀਰੁਧ ਕਾਂਤ ਗਰਗ ਨੇ ਜੇਈਈ ਮੇਨ-1 ਪ੍ਰੀਖਿਆ ਵਿੱਚੋਂ 99.99 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਇਤਿਹਾਸ ਨੂੰ ਦੁਹਰਾਉਂਦਿਆਂ ਵਿਦਿਆਰਥੀ ਕੇਸ਼ਵ ਨੇ ਸਖ਼ਤ ਮੁਕਾਬਲੇ ਦੀ ਪ੍ਰੀਖਿਆ ’ਚੋਂ ਮੱਲ ਮਾਰੀ ਹੈ। ਇਸ ਤੋਂ ਇਲਾਵਾ ਸਕੂਲ ਦੀਆਂ ਵਿਦਿਆਰਥਣਾਂ ਆਕ੍ਰਿਤੀ ਗੋਇਲ ਅਤੇ ਰੁਪਿੰਦਰ ਕੌਰ ਨੇ ਵੀ ਨੀਟ ਦੀ ਪ੍ਰੀਖਿਆ ਚੰਗੇ ਅੰਕਾਂ ਨਾਲ ਪਾਸ ਕੀਤੀ ਹੈ। ਸ੍ਰੀ ਢਿੱਲੋਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਵਿਦਿਆਰਥੀ ਸਿਵਲ ਤੇ ਸੁਰੱਖਿਆ ਫੋਰਸਾਂ ਵਿੱਚ ਉੱਚ ਅਹੁਦਿਆਂ ਦੇ ਬਿਰਾਜਮਾਨ ਹੋ ਕੇ ਮਨੁੱਖਤਾ ਦੀ ਭਲਾਈ ਵਾਸਤੇ ਆਪਣਾ ਯੋਗਦਾਨ ਪਾ ਸਕਣ ਅਤੇ ਇਲਾਕੇ ਲਈ ਚਾਨਣ ਮੁਨਾਰਾ ਬਣ ਕੇ ਮਾਪਿਆਂ ਸਣੇ ਵਿੱਦਿਅਕ ਸੰਸਥਾਵਾਂ ਦਾ ਨਾਮ ਰੌਸ਼ਨ ਕਰਨ। ਉਨ੍ਹਾਂ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਅਦਾਰਾ ਉਨ੍ਹਾਂ ਦੀ ਹਰ ਪੱਖੋਂ ਮਦਦ ਕਰੇਗਾ ਅਤੇ ਉਹ ਆਪਣੇ ਟੀਚੇ ਮਿੱਥ ਕੇ ਅੱਗੇ ਵਧਦੇ ਰਹਿਣ। ਇਸ ਮੌਕੇ ਕੇਸ਼ਵ ਦੇ ਪਿਤਾ ਡਾ. ਪ੍ਰਬੋਧ ਮਿੱਤਲ, ਮਾਤਾ ਸੁਨੀਤਾ ਮਿੱਤਲ ਤੇ ਦਾਦੀ ਸ਼ਾਰਦਾ ਮਿੱਤਲ ਨੇ ਖ਼ੁਸ਼ੀ ਜ਼ਾਹਿਰ ਕੀਤੀ ਹੈ।