ਨੀਟੂ ਸ਼ਟਰਾਂਵਾਲੇ ਸਣੇ 6 ਨੇ ਭਰੀਆਂ ਨਾਮਜ਼ਦਗੀਆਂ
06:55 AM Jun 01, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਮਈ
ਪੰਜਾਬ ਵਿਧਾਨ ਸਭਾ ਦੀ 64-ਲੁਧਿਆਣਾ ਪੱਛਮੀ ਸੀਟ ਲਈ ਨਾਮਜ਼ਦਗੀਆਂ ਦੇ ਛੇਵੇਂ ਦਿਨ 6 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 64- ਲੁਧਿਆਣਾ ਪੱਛਮੀ ਸੀਟ ਲਈ ਅੱਜ ਨੈਸ਼ਨਲ ਲੋਕ ਸੇਵਾ ਪਾਰਟੀ ਤੋਂ ਉਮੀਦਵਾਰ ਜਤਿੰਦਰ ਕੁਮਾਰ ਸ਼ਰਮਾ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜ ਆਜ਼ਾਦ ਉਮੀਦਵਾਰਾਂ ਪਰਮਜੀਤ ਸਿੰਘ ਭਰਾਜ, ਅਲਬਰਟ ਦੂਆ, ਕਮਲ ਪਵਾਰ, ਰਾਜੇਸ਼ ਸ਼ਰਮਾ ਅਤੇ ਨੀਟੂ ਸ਼ਟਰਾਂਵਾਲਾ ਵੱਲੋਂ ਨਾਮਜ਼ਦਗੀ ਭਰੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਕੁੱਲ 14 ਨਾਮਜ਼ਦਗੀ ਪੱਤਰ ਦਾਖ਼ਲ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਭਲਕੇ 1 ਜੂਨ ਨੂੰ ਸਰਕਾਰੀ ਛੁੱਟੀ ਹੋਣ ਕਰਕੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਜਾ ਸਕਣਗੇ, ਜਦਕਿ 2 ਜੂਨ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ ਹੈ। ਉੱਥੇ ਹੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ 3 ਜੂਨ ਨੂੰ ਕੀਤੀ ਜਾਵੇਗੀ।
Advertisement
Advertisement