ਨੀਂਹ ਪੱਥਰਾਂ ’ਤੇ ਵਿਧਾਇਕਾਂ ਦੇ ਚਹੇਤਿਆਂ ਦੇ ਨਾਮ
ਜੋਗਿੰਦਰ ਸਿੰਘ ਮਾਨ
ਮਾਨਸਾ, 25 ਮਈ
ਭਾਵੇਂ ਪੰਜਾਬ ਸਰਕਾਰ ਵੱਲੋਂ ਪਿਛਲੀਆਂ ਹਕੂਮਤਾਂ ਦੇ ਉਲਟ ਵੀਆਈਪੀ ਕਲਚਰ ਖ਼ਤਮ ਕਰਨ ਦਾ ਦਾਅਵਾ ਕੀਤਾ ਗਿਆ ਸੀ, ਪਰ ਹੁਣ ਸਿੱਖਿਆ ਕ੍ਰਾਂਤੀ ਤੋਂ ਬਾਅਦ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਵੀ ਸੁਰਖੀਆਂ ਦੇ ’ਚ ਆਉਣ ਲੱਗੇ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ਵਿੱਚ ਧਰਮਸ਼ਾਲਾ ਦੇ ਰੱਖੇ ਨੀਂਹ ਪੱਥਰ ’ਤੇ ਵਿਧਾਇਕ ਦੇ ਪੀਏ ਸਮੇਤ ਹੋਰ ਵੀ ਕਈ ਵਿਧਾਇਕ ਦੇ ਨਜ਼ਦੀਕੀਆਂ ਦੇ ਨਾਮ ਲਿਖ ਕੇ ਪੰਚਾਇਤ ਵੱਲੋਂ ਉਨ੍ਹਾਂ ਨੂੰ ਖੁਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਵਿਧਾਇਕ ਵੱਲੋਂ ਰੱਖੇ ਨੀਂਹ ਪੱਥਰ ਨੂੰ ਸੋਸ਼ਲ ਮੀਡੀਆ ਉੱਤੇ ਵੀ ਲੋਕਾਂ ਵੱਲੋਂ ਖੂਬ ਟਰੋਲ ਕੀਤਾ ਜਾ ਰਿਹਾ ਹੈ।
ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ਵਿੱਚ ਨਵੀਂ ਬਣ ਰਹੀ ਬੋਹੜਾਂ ਵਾਲੀ ਧਰਮਸ਼ਾਲਾ ਦਾ ਵਿਧਾਇਕ ਡਾ. ਵਿਜੈ ਸਿੰਗਲਾ ਵੱਲੋਂ ਨੀਂਹ ਪੱਥਰ ਰੱਖਿਆ ਗਿਆ। ਵਿਧਾਇਕ ਵੱਲੋਂ ਰੱਖਿਆ ਗਿਆ ਨੀਂਹ ਪੱਥਰ ਸੋਸ਼ਲ ਮੀਡੀਆ ’ਤੇ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਗਿਆ, ਜਦੋਂ ਇਸ ਨੀਂਹ ਪੱਥਰ ਦੇ ਉੱਪਰ ਪੰਚਾਇਤ ਵੱਲੋਂ ਵਿਧਾਇਕ ਦੇ ਖਾਸਮ ਖਾਸ ਲੋਕਾਂ ਦੇ ਨਾਮ ਵੀ ਲਿਖਵਾ ਦਿੱਤੇ ਗਏ, ਜਿਨ੍ਹਾਂ ਦੇ ਵਿੱਚ ਵਿਧਾਇਕ ਦੇ ਪੀਏ, ਮੌਜੂਦਾ ਪੰਚਾਇਤ ਸੈਕਟਰੀ ਅਤੇ ਪਹਿਲਾਂ ਰਹਿ ਚੁੱਕੇ ਪੰਚਾਇਤ ਸੈਕਟਰੀ ਸਮੇਤ ਬੀਡੀਪੀਓ ਅਤੇ ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਦਾ ਨਾਮ ਵੀ ਲਿਖਿਆ ਗਿਆ।
ਇਸ ਬਦਲੇ ਵਿਧਾਇਕ ਵੱਲੋਂ ਉਨ੍ਹਾਂ ਨੂੰ ਪਿੰਡ ਦੇ ਵਿਕਾਸ ਲਈ ਹੋਰ ਵੀ ਲੱਖਾਂ ਰੁਪਏ ਗ੍ਰਾਂਟ ਦੇਣ ਦਾ ਵਾਅਦਾ ਕੀਤਾ ਗਿਆ, ਕਿਉਂਕਿ ਇਸ ਨੀਂਹ ਪੱਥਰ ਦੇ ਉੱਪਰ ਵਿਧਾਇਕ ਦੇ ਖਾਸਮ ਖਾਸ ਲੋਕਾਂ ਦਾ ਨਾਮ ਲਿਖਕੇ ਪੰਚਾਇਤ ਨੇ ਵਿਧਾਇਕ ਨੂੰ ਖੁਸ਼ ਕਰ ਦਿੱਤਾ। ਇਸ ਸਬੰਧੀ ਪੰਚਾਇਤ ਸੈਕਟਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ ਇਹ ਨਾਮ ਕਿਸ ਨੇ ਲਿਖਵਾਏ ਹਨ ਅਤੇ ਨਾ ਹੀ ਉਨ੍ਹਾਂ ਨੂੰ ਇਹ ਪਤਾ ਹੈ ਕਿ ਇਹ ਕਿਸ ਕੋਟੇ ਦੇ ਵਿੱਚੋਂ ਧਰਮਸ਼ਾਲਾ ਬਣਾਈ ਜਾ ਰਹੀ ਹੈ।
ਨੀਂਹ ਪੱਥਰ ’ਤੇ ਦੋਸਤਾਂ ਦੇ ਨਾਮ ਲਿਖਵਾਏ: ਸਰਪੰਚ
ਪਿੰਡ ਖੀਵਾ ਕਲਾਂ ਦੇ ਸਰਪੰਚ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਇਹ ਸਾਰੇ ਹੀ ਉਨ੍ਹਾਂ ਦੇ ਨਜ਼ਦੀਕੀ ਦੋਸਤਾਂ ਹਨ, ਜਿਸ ਕਾਰਨ ਉਨ੍ਹਾਂ ਵੱਲੋਂ ਇਹ ਨਾਮ ਨੀਂਹ ਪੱਥਰ ’ਤੇ ਲਿਖਵਾਏ ਗਏ ਹਨ।