ਨਿਹੱਕੀ ਜੰਗ ਤੇ ਪੁਲੀਸ ਜਬਰ ਖ਼ਿਲਾਫ਼ ਭੂੰਦੜੀ ਵਾਸੀਆਂ ਵੱਲੋਂ ਆਵਾਜ਼ ਬੁਲੰਦ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 11 ਮਈ
ਬੇਟ ਇਲਾਕੇ ਦੇ ਪਿੰਡ ਭੂੰਦੜੀ ਤੇ ਭਰੋਵਾਲ ਕਲਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਵਰਕਰਾਂ ਦੀ ਜਨਤਕ ਮੀਟਿੰਗ ਬਲਾਕ ਪ੍ਰਧਾਨ ਬੇਅੰਤ ਸਿੰਘ ਬਾਣੀਏਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸੱਕਤਰ ਕੰਵਲਜੀਤ ਖੰਨਾ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਗੈਸ ਫੈਕਟਰੀਆਂ ਵਿਰੋਧੀ ਸੰਘਰਸ਼ ਤਾਲਮੇਲ ਕਮੇਟੀ ਦੀ ਅਗਵਾਈ ਵਿੱਚ ਭੂੰਦੜੀ, ਅਖਾੜਾ, ਮੁਸ਼ਕਾਬਾਦ, ਬੱਗਾ ਕਲਾਂ, ਭੋਗਪੁਰ ਆਦਿ ਥਾਵਾਂ ’ਤੇ ਚੱਲ ਰਹੇ ਮੋਰਚਿਆ ਤੇ ਪਿਛਲੇ ਸਮੇਂ ਵਿੱਚ ਢਾਹੇ ਪੁਲੀਸ ਜਬਰ ਦੀ ਸਖ਼ਤ ਨਿੰਦਾ ਕੀਤੀ ਗਈ। ਇਨ੍ਹਾਂ ਸਾਰੀਆਂ ਥਾਵਾਂ ’ਤੇ ਸੰਘਰਸ਼ਸ਼ੀਲ ਲੋਕਾਂ ਵਲੋਂ ਪੁਲੀਸ ਜਬਰ ਦਾ ਸਿਦਕਦਿਲੀ ਨਾਲ ਟਾਕਰਾ ਕਰਨ, ਖਾਸ ਕਰ ਔਰਤ ਵਰਗ ਵੱਲੋਂ ਨਿਭਾਈ ਭੂਮਿਕਾ ਦੀ ਜ਼ੋਰਦਾਰ ਸ਼ਲਾਘਾ ਕੀਤੀ ਗਈ।
ਕੰਵਲਜੀਤ ਖੰਨਾ ਨੇ ਬੀਤੇ ਸਮੇਂ ਵਿੱਚ ਲੁਧਿਆਣਾ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਪੰਜਾਬ ਵਿੱਚ ਖਨੌਰੀ, ਸ਼ੰਭੂ, ਜਿਓਂਦ, ਚੌਕੇ, ਗੁਰਦਾਸਪੁਰ, ਪਾਇਲ, ਚੰਦਭਾਨ ਆਦਿ ਥਾਵਾਂ ’ਤੇ ਢਾਹੇ ਪੁਲੀਸ ਜਬਰ ਅਤੇ ਭਗਵੰਤ ਮਾਨ ਵਲੋਂ ਸੜਕਾਂ ਰੋਕਣ ’ਤੇ ਸਖ਼ਤ ਕਾਰਵਾਈ ਦੇ ਮਾਰੇ ਦਮਗਜੇ ਖ਼ਿਲਾਫ਼ 26 ਮਈ ਨੂੰ ਜਗਰਾਉਂ ਦਾਣਾ ਮੰਡੀ ਵਿੱਚ ਰੱਖੀ ਵਿਸ਼ਾਲ ਰੈਲੀ ਅਤੇ ਮੁਜ਼ਾਹਰੇ ਵਿੱਚ ਪੁੱਜਣ ਦਾ ਸੱਦਾ ਦਿੱਤਾ ਗਿਆ। ਇਹ ਰੈਲੀ ਪਹਿਲਾਂ 13 ਮਈ ਦੀ ਰੱਖੀ ਗਈ ਸੀ ਜੋ ਜੰਗ ਵਰਗੇ ਹਾਲਾਤਾਂ ਦੇ ਮੱਦੇਨਜ਼ਰ ਮੁਲਤਵੀ ਕਰਨੀ ਪਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹਿੰਦ ਪਾਕਿ ਦਰਮਿਆਨ ਪਹਿਲਗਾਮ ਘਟਨਾ ਦੇ ਇਵਜ ਵਿੱਚ ਲੋਕਾਂ 'ਤੇ ਠੋਸੀ ਨਿੱਹਕੀ ਜੰਗ ਹਾਲ ਦੀ ਘੜੀ ਰੋਕ ਦਿੱਤੀ ਗਈ ਹੈ ਪਰ ਇਸ ਦੇ ਫਿਰ ਨਾ ਭੜਕਣ ਦੀ ਕੋਈ ਗਾਰੰਟੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕਾਂ ਨੇ ਮੋਦੀ ਹਕੂਮਤ ਦੀ ਅਸਲੀਅਤ ਪਛਾਣ ਲਈ ਹੈ। ਡੋਨਾਲਡ ਟਰੰਪ ਵਲੋਂ ਕਰਵਾਈ ਜੰਗਬੰਦੀ ਦਾ ਮਕਸਦ ਫਿਲਹਾਲ ਸੰਸਾਰ ਵਪਾਰ ਜੰਗ ਤੇ ਸਾਰੀ ਸਾਮਰਾਜੀ ਊਰਜਾ ਨੂੰ ਫੋਕਸ ਕਰਨ ਦਾ ਹੈ। ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਨੇ ਇਸ ਨਿਹੱਕੀ ਮਨੁੱਖਤਾ ਵਿਰੋਧੀ ਜੰਗ ਖ਼ਿਲਾਫ਼ 14 ਮਈ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਜੰਗ ਖ਼ਿਲਾਫ਼ ਅਮਨ ਮਾਰਚ ਕਰਨ ਦਾ ਸੱਦਾ ਦਿੱਤਾ ਹੈ। ਇਸ ਸਮੇਂ ਭੂੰਦੜੀ ਇਕਾਈ ਕਮੇਟੀ ਵਿੱਚ ਖਾਲੀ ਅਹੁਦੇ ਭਰਦਿਆਂ ਜਗਰਾਜ ਸਿੰਘ ਭੂੰਦੜੀ ਨੂੰ ਮੀਤ ਪ੍ਰਧਾਨ, ਅਵਤਾਰ ਸਿੰਘ ਗੋਲੂ ਸੱਕਤਰ ਅਤੇ ਜਗਵਿੰਦਰ ਸਿੰਘ ਜੱਗਾ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਹੰਬੜਾਂ, ਲੇਖਰਾਜ ਭੱਠਾਧੂਹਾ, ਸਤਵੰਤ ਸਿੰਘ ਸਿਵੀਆ, ਜਸਪਾਲ ਸਿੰਘ, ਹਰਪ੍ਰੀਤ ਸਿੰਘ ਹੈਪੀ, ਚਰਨਜੀਤ ਸਿੰਘ, ਚਮਕੌਰ ਸਿੰਘ, ਕੁਲਵਿੰਦਰ ਸਿੰਘ, ਚਰਨਜੀਤ ਸਿੰਘ, ਜਗਰਾਜ ਸਿੰਘ, ਅਮੋਲਕ ਸਿੰਘ, ਬਲਜੀਤ ਕੌਰ, ਰਮਨਦੀਪ ਕੌਰ, ਰਣਜੀਤ ਕੌਰ, ਨਰਿੰਦਰ ਕੌਰ ਤੇ ਹੋਰ ਮੈਂਬਰ ਹਾਜ਼ਰ ਸਨ।