ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿਸ਼ਾਨੇਬਾਜ਼ੀ: ਭਾਰਤ ਦੀ 10 ਮੀਟਰ ਏਅਰ ਰਾਈਫਲ ਟੀਮ ਨੇ ਸੋਨ ਤਗਮਾ ਜਿੱਤਿਆ

08:49 AM Sep 26, 2023 IST
ਨਿਸ਼ਾਨੇਬਾਜ਼ੀ: ਭਾਰਤੀ ਖਿਡਾਰੀ ਰੁਦਰਾਂਕਸ਼ ਪਾਟਿਲ, ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਅਤੇ ਦਿਵਿਆਂਸ਼ ਸਿੰਘ ਪੰਵਾਰ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਣ ਮਗਰੋਂ ਸਾਂਝੀ ਤਸਵੀਰ ਖਿਚਵਾਉਂਦੇ ਹੋਏ। -ਫੋਟੋ: ਪੀਟੀਆਈ

25 ਮੀਟਰ ਰੈਪਿਡ ਫਾਇਰ ਪਿਸਟਲ ਟੀਮ ਮੁਕਾਬਲੇ ਵਿੱਚ ਵੀ ਕਾਂਸੇ ’ਤੇ ਨਿਸ਼ਾਨਾ

ਹਾਂਗਜ਼ੂ, 25 ਸਤੰਬਰ
ਭਾਰਤੀ ਨਿਸ਼ਾਨੇਬਾਜ਼ਾਂ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਟੀਮ ਮੁਕਾਬਲੇ ਵਿੱਚ ਸੋਨ ਤਗ਼ਮੇ ਸਮੇਤ ਤਿੰਨ ਤਗ਼ਮੇ ਜਿੱਤੇ। ਇਸ ਤਰ੍ਹਾਂ ਭਾਰਤ ਦੋ ਦਿਨਾਂ ਵਿੱਚ ਕੁੱਲ ਪੰਜ ਤਗ਼ਮੇ ਜਿੱਤ ਚੁੱਕਾ ਹੈ। ਵਿਸ਼ਵ ਚੈਂਪੀਅਨ ਰੁਦਰਾਂਕਸ਼ ਪਾਟਿਲ ਦੀ ਅਗਵਾਈ ਹੇਠ ਭਾਰਤ ਦੀ 10 ਮੀਟਰ ਏਅਰ ਰਾਈਫਲ ਟੀਮ ਨੇ ਵਿਸ਼ਵ ਰਿਕਾਰਡ ਸਕੋਰ 1893.7 ਨਾਲ ਮੌਜੂਦਾ ਏਸ਼ਿਆਈ ਖੇਡਾਂ ਵਿੱਚ ਦੇਸ਼ ਲਈ ਪਹਿਲਾ ਸੋਨ ਤਗ਼ਮਾ ਜਿੱਤਿਆ। ਇਸ ਤੋਂ ਬਾਅਦ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਵਿਅਕਤੀਗਤ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਕਾਂਸੀ ਦੇ ਤਗਮੇ ਦੇ ਮੁਕਾਬਲੇ ’ਚ ਉਸ ਨੇ ਚੌਥੇ ਸਥਾਨ ’ਤੇ ਰਹੇ ਰੁਦਰਾਂਕਸ਼ ਨੂੰ ਹਰਾਇਆ। ਆਦਰਸ਼ ਸਿੰਘ, ਅਨੀਸ਼ ਭਾਨਵਾਲਾ ਅਤੇ ਵਿਜੈਵੀਰ ਸਿੱਧੂ ਦੀ ਭਾਰਤੀ ਤਿਕੜੀ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਟੀਮ ਮੁਕਾਬਲੇ ਵਿੱਚ 1718 ਅੰਕਾਂ ਨਾਲ ਇੰਡੋਨੇਸ਼ੀਆ ਨਾਲ ਟਾਈ ਰਹਿਣ ਮਗਰੋਂ ਕਾਂਸੀ ਦਾ ਤਗ਼ਮਾ ਜਿੱਤਿਆ। ਚੀਨ ਨੇ 1765 ਅੰਕਾਂ ਨਾਲ ਸੋਨ ਤਮਗਾ ਜਿੱਤਿਆ ਜਦਕਿ ਦੱਖਣੀ ਕੋਰੀਆ ਨੇ 1734 ਅੰਕਾਂ ਨਾਲ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ।
ਵਿਜੈਵੀਰ ਨੇ ਕੁਆਲੀਫਿਕੇਸ਼ਨ ਵਿੱਚ 582 ਅੰਕਾਂ ਨਾਲ ਛੇਵੇਂ ਸਥਾਨ ’ਤੇ ਰਹਿ ਕੇ ਛੇ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ ਜਗ੍ਹਾ ਬਣਾਈ। ਪੁਰਸ਼ਾਂ ਦੇ ਵਿਅਕਤੀਗਤ 25 ਮੀਟਰ ਦੇ ਫਾਈਨਲ ਵਿੱਚ ਵਿਜੈਵੀਰ 21 ਅੰਕਾਂ ਨਾਲ ਚੌਥੇ ਸਥਾਨ ’ਤੇ ਰਹਿ ਕੇ ਤਗ਼ਮਾ ਜਿੱਤਣ ਵਿੱਚ ਅਸਫਲ ਰਿਹਾ।
ਐਸ਼ਵਰਿਆ ਨੇ ਤੀਜੇ ਸਥਾਨ ਦੇ ਸ਼ੂਟ-ਆਫ ਵਿੱਚ ਰੁਦਰਾਂਕਸ਼ ਨੂੰ ਹਰਾ ਕੇ 228.8 ਅੰਕਾਂ ਦੇ ਸਕੋਰ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਐਸ਼ਵਰਿਆ ਪਾਰਕ ਹਾਜੁਨ ਨੂੰ ਹਰਾ ਕੇ ਚਾਂਦੀ ਦਾ ਤਗਮਾ ਜਿੱਤਣ ਦੀ ਦੌੜ ’ਚ ਸ਼ਾਮਲ ਸੀ ਪਰ ਆਖਰੀ ਸ਼ਾਟ ’ਤੇ 9.8 ਅੰਕਾਂ ਨਾਲ ਉਹ ਬਾਹਰ ਹੋ ਗਿਆ। ਐਸ਼ਵਰਿਆ ਨੇ ਕਿਹਾ, ‘‘ਮੈਂ ਆਪਣੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ। ਪੂਰੇ ਮੁਕਾਬਲੇ ’ਚ ਚੰਗਾ ਪ੍ਰਦਰਸ਼ਨ ਕੀਤਾ, ਇੱਥੋਂ ਤੱਕ ਕਿ ਕੁਆਲੀਫਿਕੇਸ਼ਨ ਗੇੜ ਵਿੱਚ ਵੀ। ਇਹ ਮੇਰੀਆਂ ਪਹਿਲੀਆਂ ਏਸ਼ਿਆਈ ਖੇਡਾਂ ਹਨ ਅਤੇ ਇਨ੍ਹਾਂ ਖੇਡਾਂ ਵਿੱਚ ਇਹ ਮੇਰਾ ਪਹਿਲਾ ਤਗ਼ਮਾ ਹੈ।’’ ਐਸ਼ਵਰਿਆ ਨੇ ਮੰਨਿਆ ਕਿ ਕਾਂਸੀ ਦੇ ਤਗਮੇ ਦੇ ਸ਼ੂਟ ਆਫ ਵਿੱਚ ਰੁਦਰਾਂਕਸ਼ ਖ਼ਿਲਾਫ਼ ਉਹ ਦਬਾਅ ਵਿੱਚ ਸੀ।
ਇਸ ਤੋਂ ਪਹਿਲਾਂ ਰੁਦਰਾਂਕਸ਼, ਓਲੰਪੀਅਨ ਦਿਵਿਆਂਸ਼ ਪੰਵਾਰ ਅਤੇ ਐਸ਼ਵਰਿਆ ਦੀ ਤਿਕੜੀ ਨੇ ਕੁਆਲੀਫਿਕੇਸ਼ਨ ਗੇੜ ’ਚ 1893.7 ਦੇ ਕੁੱਲ ਸਕੋਰ ਨਾਲ ਚੀਨ ਅਤੇ ਦੱਖਣੀ ਕੋਰੀਆ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਕੁੱਲ ਸਕੋਰ ਦਾ ਪਿਛਲਾ ਵਿਸ਼ਵ ਰਿਕਾਰਡ 1893.3 ਅੰਕ ਸੀ, ਜੋ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਚੀਨੀ ਟੀਮ ਨੇ ਬਾਕੂ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਬਣਾਇਆ ਸੀ। ਦੱਖਣੀ ਕੋਰੀਆ ਨੇ ਕੁੱਲ 1890.1 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ ਜਦੋਂਕਿ ਕਾਂਸੀ ਦਾ ਤਗ਼ਮਾ ਚੀਨ ਨੇ 1888.2 ਅੰਕਾਂ ਨਾਲ ਜਿੱਤਿਆ।
ਭਾਰਤ ਦੇ ਏਅਰ ਰਾਈਫਲ ਨਿਸ਼ਾਨੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 19 ਸਾਲਾ ਰੁਦਰਾਂਕਸ਼ ਨੇ 632.5, ਤੋਮਰ ਨੇ 631.6 ਅਤੇ ਦਿਵਿਆਂਸ਼ ਨੇ 629.6 ਅੰਕ ਬਣਾਏ। ਇਸ ਦੌਰਾਨ ਰੁਦਰਾਂਕਸ਼ ਅਤੇ ਤੋਮਰ ਨੇ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ ਵੀ ਜਗ੍ਹਾ ਬਣਾਈ। ਭਾਰਤ ਦੇ ਤਿੰਨੋਂ ਨਿਸ਼ਾਨੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਲਾਂਕਿ ਦਿਵਿਆਂਸ਼ ਨਿਰਾਸ਼ ਹੋਵੇਗਾ ਕਿਉਂਕਿ ਉਹ ਏਸ਼ਿਆਈ ਖੇਡਾਂ ਦੇ ਉਸ ਨਿਯਮ ਕਾਰਨ ਫਾਈਨਲ ਵਿੱਚ ਨਹੀਂ ਪਹੁੰਚ ਸਕਿਆ ਜਿਸ ਤਹਿਤ ਕਿਸੇ ਦੇਸ਼ ਦੇ ਸਿਰਫ਼ ਦੋ ਨਿਸ਼ਾਨੇਬਾਜ਼ ਹੀ ਫਾਈਨਲ ਵਿੱਚ ਪਹੁੰਚ ਸਕਦੇ ਹਨ। ਰੁਦਰਾਂਕਸ਼ ਕੁਆਲੀਫਿਕੇਸ਼ਨ ਗੇੜ ਵਿੱਚ ਤੀਜੇ ਅਤੇ ਤੋਮਰ ਪੰਜਵੇਂ ਸਥਾਨ ’ਤੇ ਰਿਹਾ।
ਭਾਰਤੀ ਤਿਕੜੀ ਲਈ ਸੋਨ ਤਗਮੇ ਦਾ ਰਾਹ ਬਹੁਤਾ ਮੁਸ਼ਕਲ ਨਹੀਂ ਸੀ। ਰੁਦਰਾਂਕਸ਼ ਨੇ 104.8, 106.1, 103.8, 105.5, 106.7 ਅਤੇ 105.6 ਦੀ ਸੀਰੀਜ਼ ਬਣਾਈ ਜਦਕਿ ਤੋਮਰ ਨੇ 104.1, 105.5, 105.3, 105.7, 105.7 ਅਤੇ 105.3 ਅੰਕ ਬਣਾਏ। ਟੋਕੀਓ ਓਲੰਪਿਕ 2020 ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਦਿਵਿਆਂਸ਼ ਦੀ ਸੀਰੀਜ਼ 104.8, 104.3, 104.6, 104.7, 106.3 ਅਤੇ 104.9 ਅੰਕਾਂ ਦੀ ਰਹੀ। -ਪੀਟੀਆਈ

Advertisement

Advertisement