ਨਿਸ਼ਾਨੇਬਾਜ਼ੀ: ਆਰੀਆ ਤੇ ਅਰਜੁਨ ਦੀ ਜੋੜੀ ਨੇ ਸੋਨ ਤਗ਼ਮਾ ਜਿੱਤਿਆ
ਮਿਊਨਿਖ, 14 ਜੂਨ
ਆਰੀਆ ਬੋਰਸੇ ਅਤੇ ਅਰਜੁਨ ਬਬੂਟਾ ਦੀ ਭਾਰਤੀ ਜੋੜੀ ਨੇ ਅੱਜ ਇੱਥੇ ਆਈਐੱਸਐੱਸਐੱਫ ਵਿਸ਼ਵ ਕੱਪ ਦੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿੱਚ ਚੀਨ ਦੀ ਜ਼ੀਫੇਈ ਵਾਂਗ ਅਤੇ ਲੀਹਾਓ ਸ਼ੇਂਗ ਦੀ ਜੋੜੀ ਨੂੰ 17-7 ਨਾਲ ਹਰਾ ਕੇ ਸੋਨ ਤਗ਼ਮਾ ਜਿੱਤ ਲਿਆ ਹੈ। ਆਰੀਆ ਅਤੇ ਬਬੂਟਾ ਨੇ ਅਹਿਮ ਪਲਾਂ ਵਿੱਚ ਸਬਰ ਅਤੇ ਇਕਾਗਰਤਾ ਦਿਖਾਈ ਅਤੇ ਖਿਤਾਬੀ ਮੈਚ ਵਿੱਚ ਚੀਨੀ ਖਿਡਾਰੀਆਂ ਨੂੰ ਕੋਈ ਮੌਕਾ ਨਹੀਂ ਦਿੱਤਾ। ਭਾਰਤੀ ਜੋੜੀ ਨੇ ਕੁਆਲੀਫਿਕੇਸ਼ਨ ਗੇੜ ਵਿੱਚ 635.2 ਦੇ ਸਕੋਰ ਨਾਲ ਸੋਨ ਤਗਮੇ ਦੇ ਗੇੜ ’ਚ ਜਗ੍ਹਾ ਬਣਾਈ ਸੀ। ਵਾਂਗ ਅਤੇ ਸ਼ੇਂਗ 635.9 ਦੇ ਸਕੋਰ ਨਾਲ ਆਖਰੀ ਗੇੜ ’ਚ ਪਹੁੰਚੇ ਸਨ। ਚੀਨੀ ਜੋੜੀ ਦਾ ਇਹ ਸਕੋਰ ਕੁਆਲੀਫਿਕੇਸ਼ਨ ਵਿਸ਼ਵ ਰਿਕਾਰਡ ਵੀ ਹੈ। ਵਿਅਕਤੀਗਤ ਤੌਰ ’ਤੇ ਆਰੀਆ ਨੇ ਕੁਆਲੀਫਿਕੇਸ਼ਨ ਵਿੱਚ 317.5 ਅੰਕ, ਜਦਕਿ ਬਬੂਟਾ ਨੇ 317.7 ਅੰਕ ਲਏ। ਆਰੀਆ ਨੇ ਇਸ ਸਾਲ ਦੇ ਸ਼ੁਰੂ ਵਿੱਚ ਪੇਰੂ ਦੇ ਲੀਮਾ ਵਿੱਚ ਹੋਏ ਵਿਸ਼ਵ ਕੱਪ ਵਿੱਚ ਰੁਦਰੰਕਸ਼ ਪਾਟਿਲ ਨਾਲ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਮੁਕਾਬਲੇ ਵਿੱਚ ਇੱਕ ਹੋਰ ਭਾਰਤੀ ਜੋੜੀ ਇਲਾਵੇਨਿਲ ਵਲਾਰਿਵਨ ਅਤੇ ਅੰਕੁਸ਼ ਜਾਧਵ ਵੀ ਕੁਆਲੀਫਿਕੇਸ਼ਨ ਵਿੱਚ 631.8 ਅੰਕਾਂ ਨਾਲ ਛੇਵੇਂ ਸਥਾਨ ’ਤੇ ਰਹੀ। ਮੌਜੂਦਾ ਵਿਸ਼ਵ ਕੱਪ ਵਿੱਚ ਇਹ ਭਾਰਤ ਦਾ ਦੂਜਾ ਸੋਨ ਤਮਗਾ ਅਤੇ ਕੁੱਲ ਮਿਲਾ ਕੇ ਚੌਥਾ ਤਗ਼ਮਾ ਹੈ। ਸੁਰੂਚੀ ਸਿੰਘ ਨੇ ਸ਼ੁੱਕਰਵਾਰ ਨੂੰ ਸੋਨ ਤਮਗਾ ਜਿੱਤਿਆ ਸੀ। -ਪੀਟੀਆਈ