ਨਿਰਮਾਣ ਅਧੀਨ ਪੁਲ ਦੀ ਬੁਰਜੀ ਦੇ ਡੂੰਘੇ ਟੋਏ ’ਚ ਡਿੱਗੀ ਕਾਰ
ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ 21 ਮਈ
ਇੱਥੇ ਫ਼ਰੀਦਕੋਟ-ਕੋਟਕਪੂਰਾ ਸੜਕ 'ਤੇ ਦੇਰ ਰਾਤ ਸੜਕ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਅਮੀਰਾਜ ਸਿੰਘ ਨਾਮ ਦਾ ਨੌਜਵਾਨ ਕੋਟਕਪੂਰੇ ਤੋਂ ਫ਼ਰੀਦਕੋਟ ਆ ਰਿਹਾ ਸੀ ਅਤੇ ਉਸ ਨੇ ਹਨੇਰੇ ਵਿੱਚ ਰਾਜਸਥਾਨ ਫੀਡਰ ਉੱਪਰ ਬਣ ਰਹੇ ਸਟੀਲ ਦੇ ਪੁਲ ਨੂੰ ਨਹੀਂ ਦੇਖਿਆ ਅਤੇ ਉਸ ਦੀ ਕਾਰ ਪੁਲ ਬਣਾਉਣ ਲਈ ਬਣਾਈ ਜਾ ਰਹੀ ਬੁਰਜੀ ਦੇ ਡੂੰਘੇ ਟੋਏ ਵਿੱਚ ਡਿੱਗ ਪਈ। ਨਵੇਂ ਪੁਲ ਦੇ ਨਿਰਮਾਣ ਕਾਰਨ ਇੱਕ ਪਾਸਾ ਪੁਲ ਦਾ ਬੰਦ ਕੀਤਾ ਹੋਇਆ ਹੈ ਪਰੰਤੂ ਡਰਾਈਵਰ ਨੇ ਬੰਦ ਰਸਤੇ ਉੱਪਰ ਹੀ ਗੱਡੀ ਚੜ੍ਹਾ ਦਿੱਤੀ ਜਿੱਥੇ ਪੁਲ ਦੀ ਨਵੀਂ ਬੁਰਜੀ ਬਣਾਉਣ ਵਾਸਤੇ ਟੋਇਆ ਪੁੱਟਿਆ ਹੋਇਆ ਸੀ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੀਸੀਆਰ ਅਤੇ ਐੱਸਐੱਸਐੱਫ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਕਾਰ ਦੇ ਡਰਾਈਵਰ ਅਮੀਰਾਜ ਨੂੰ ਬੁਰਜੀ ਵਾਲੇ ਟੋਏ ਵਿੱਚੋਂ ਕੱਢਿਆ ਅਤੇ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ। ਜ਼ਿਲ੍ਹਾ ਪੁਲਿਸ ਮੁਖੀ ਪ੍ਰੱਗਿਆ ਜੈਨ ਨੇ ਦੱਸਿਆ ਕਿ ਕਾਰ ਦੇ ਡਰਾਈਵਰ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਪੁਲੀਸ ਦੀ ਸਹਾਇਤਾ ਨਾਲ ਡਰਾਈਵਰ ਨੂੰ ਮੌਕੇ ਤੋਂ ਬਚਾ ਲਿਆ ਗਿਆ ਕਿਉਂਕਿ ਬੁਰਜ ਦੇ ਨਾਲ ਹੀ ਰਾਜਸਥਾਨ ਫੀਡਰ ਵਹਿ ਰਹੀ ਸੀ ਅਤੇ ਕਾਰ ਦਾ ਫੀਡਰ ਵਿੱਚ ਡਿੱਗਣ ਦਾ ਖਤਰਾ ਬਣਿਆ ਹੋਇਆ ਸੀ।