ਨਿਤਿਨ ਤੇ ਆਰੂਸ਼ੀ ਦੇ ਵਿਆਹ ਦੀ ਵੀਡੀਓ ਨੇ ਛੇੜੀ ਚਰਚਾ
ਰਤਨ ਸਿੰਘ ਢਿੱਲੋਂ
ਅੰਬਾਲਾ, 14 ਅਪਰੈਲ
ਅੰਬਾਲਾ ਕੈਂਟ ਦੇ ਨਿੱਜੀ ਮੈਰਿਜ ਪੈਲੇਸ ਵਿੱਚ ਬਿਨਾਂ ਦਾਜ ਦੇ ਹੋਏ ਵਿਆਹ ਦੀ ਵੀਡੀਓ ਵਾਇਰਲ ਹੋ ਰਹੀ ਹੈ। ਮਤੀਦਾਸ ਨਗਰ ਅੰਬਾਲਾ ਕੈਂਟ ਦੇ ਨਿਤਿਨ ਵਰਮਾ (25) ਨੇ ਰੋਪੜ ਦੀ ਆਰੂਸ਼ੀ (23) ਨਾਲ ਵਿਆਹ ਰਚਾਇਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਜੋੜੇ ਦਾ ਕੱਦ ਔਸਤ ਕੱਦ ਤੋਂ ਵੀ ਘੱਟ ਹੈ। ਨਿਤਿਨ ਦਾ ਕੱਦ 3 ਫੁੱਟ 8 ਇੰਚ ਅਤੇ ਆਰੂਸ਼ੀ ਦਾ ਕੱਦ 3 ਫੁੱਟ 6 ਇੰਚ ਹੈ। ਵਿਸਾਖੀ ਵਾਲੇ ਦਿਨ ਹੋਈ ਰਿਸੈਪਸ਼ਨ ਪਾਰਟੀ ਵਿਚ ਜੋੜੀ ਵੱਲੋਂ ਪੰਜਾਬੀ ਗੀਤਾਂ ’ਤੇ ਕੀਤਾ ਨ੍ਰਿਤ ਸੋਸ਼ਲ ਮੀਡੀਆ ’ਤੇ ਚਰਚਾ ਬਣਿਆ ਹੋਇਆ ਹੈ। ਨਿਤਿਨ ਅਤੇ ਆਰੂਸ਼ੀ ਦੇ ਵਿਆਹ ਦੀ ਕਹਾਣੀ ਉਨ੍ਹਾਂ ਲੋਕਾਂ ਲਈ ਪ੍ਰੇਰਨਾ ਹੈ ਜੋ ਅਜੇ ਵੀ ਦਾਜ, ਕੱਦ ਜਾਂ ਸਰੀਰ ਨੂੰ ਰਿਸ਼ਤਿਆਂ ਦਾ ਮਾਪਦੰਡ ਮੰਨਦੇ ਹਨ। ਨਿਤਿਨ ਨੇ ਦੱਸਿਆ ਕਿ 10 ਦਿਨਾਂ ਵਿਚ ਹੀ ਸਾਰਾ ਕੁਝ ਹੋ ਗਿਆ। 10 ਦਿਨ ਪਹਿਲਾਂ ਉਸ ਦੇ ਰਿਸ਼ਤੇਦਾਰ ਨੇ ਰੋਪੜ ਵਿੱਚ ਆਰੂਸ਼ੀ ਨੂੰ ਦੇਖਿਆ ਸੀ। ਜਦੋਂ ਉਹ ਇਸ ਸਬੰਧੀ ਗੱਲ ਕਰਨ ਆਰੂਸ਼ੀ ਦੇ ਘਰ ਪਹੁੰਚਿਆ ਤਾਂ ਉਸ ਨੂੰ ਪਰਿਵਾਰ ਦੀ ਮਾਲੀ ਹਾਲਤ ਦਾ ਪਤਾ ਲੱਗਿਆ। ਜਦੋਂ ਆਰੂਸ਼ੀ ਦੇ ਪਰਿਵਾਰ ਨੂੰ ਬਿਨਾਂ ਦਾਜ ਦੇ ਵਿਆਹ ਦਾ ਕਿਹਾ ਗਿਆ ਤਾਂ ਉਨ੍ਹਾਂ ਨੂੰ ਇਹ ਗੱਲ ਚੰਗੀ ਲੱਗੀ ਅਤੇ ਵਿਆਹ ਸਾਦੇ ਢੰਗ ਨਾਲ ਸਿਰੇ ਚੜ੍ਹ ਗਿਆ। ਆਰੂਸ਼ੀ ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਹੈ। ਉਸ ਨੇ ਬੀਏ ਕੀਤੀ ਹੈ। ਵਿਆਹ ਦੀ ਰਿਸੈਪਸ਼ਨ ਪਾਰਟੀ ਤੋਂ ਬਾਅਦ ਨਿਤਿਨ ਨਾਲ ਉਸ ਦੀ ਜੋੜੀ ਸੋਸ਼ਲ ਮੀਡੀਆ ’ਤੇ ਸੁਰਖ਼ੀਆਂ ਬਟੋਰ ਰਹੀ ਹੈ। ਉਨ੍ਹਾਂ ਦਾ ਵਿਸ਼ਵਾਸ ਅਤੇ ਪਿਆਰ ਸਮਾਜ ਲਈ ਪ੍ਰੇਰਨਾ ਬਣ ਗਿਆ ਹੈ। ਨਵੇਂ ਜੋੜੇ ਨੂੰ ਵਧਾਈਆਂ ਦੇਣ ਅਤੇ ਆਸ਼ੀਰਵਾਦ ਦੇਣ ਲਈ ਰਿਸ਼ਤੇਦਾਰ ਲਗਾਤਾਰ ਉਨ੍ਹਾਂ ਦੇ ਘਰ ਆ ਰਹੇ ਹਨ।