ਨਿਗਮ ਚੋਣਾਂ ਤੋਂ 15 ਦਿਨ ਬਾਅਦ ਵੀ ਸ਼ਹਿਰ ਨੂੰ ਨਹੀਂ ਮਿਲਿਆ ਮੇਅਰ
ਪੰਜਾਬ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਹੋਣ ਤੋਂ 15 ਦਿਨਾਂ ਬਾਅਦ ਵੀ ਸਨਅਤੀ ਸ਼ਹਿਰ ਨੂੰ ਹਾਲੇ ਤੱਕ ਮੇਅਰ ਨਹੀਂ ਮਿਲ ਸਕਿਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਨਗਰ ਨਿਗਮ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ। ਇਹ ਪਹਿਲੀ ਵਾਰ ਹੈ ਜਦੋਂ ਸੂਬੇ ਦੀ ਸੱਤਾ ’ਤੇ ਕਾਬਜ਼ ਪਾਰਟੀ ਨੂੰ ਨਿਗਮ ਚੋਣਾਂ ’ਚ ਬਹੁਮਤ ਹਾਸਲ ਨਾ ਹੋਇਆ ਹੋਵੇ।
‘ਆਪ’ ਵੱਲੋਂ ਮੇਅਰ ਬਣਾਉਣ ਲਈ ਕਾਫ਼ੀ ਜੋੜ-ਤੋੜ ਕੀਤੇ ਜਾ ਰਹੇ ਹਨ, ਪਰ ਇਹ ਸਾਰੇ ਹੀਲੇ ਲੁਧਿਆਣਾ ਵਿੱਚ ਫੇਲ੍ਹ ਹੁੰਦੇ ਨਜ਼ਰ ਆ ਰਹੇ ਹਨ। ਕੋਈ ਵੀ ਪਾਰਟੀ 15 ਦਿਨਾਂ ਬਾਅਦ ਵੀ ਬਹੁਮਤ ਲਈ ਆਪਣੇ ਮੈਂਬਰ ਪੂਰੇ ਨਹੀਂ ਕਰ ਸਕੀ ਹੈ। ਜੇਕਰ ‘ਆਪ’ ਨੇ ਸਿਰਫ਼ ਕੌਂਸਲਰਾਂ ’ਤੇ ਨਿਰਭਰ ਰਹਿਣਾ ਹੈ ਤਾਂ 48 ਕੌਂਸਲਰ ਚਾਹੀਦੇ ਹੋਣਗੇ ਤੇ ਜੇਕਰ ਵਿਧਾਇਕਾਂ ਨੂੰ ਸ਼ਾਮਲ ਕਰਨਾ ਹੈ ਤਾਂ ਇਹ ਗਿਣਤੀ 52 ਹੋਣੀ ਲਾਜ਼ਮੀ ਹੈ।
ਨਿਗਮ ਚੋਣਾਂ ਵਿੱਚ 41 ਸੀਟਾਂ ਜਿੱਤਣ ਤੋਂ ਬਾਅਦ ਦੋ ਆਜ਼ਾਦ ਕੌਂਸਲਰਾਂ ਨੇ ‘ਆਪ’ ਦਾ ਸਮਰਥਨ ਕੀਤਾ ਜਿਸ ਮਗਰੋਂ ‘ਆਪ’ ਕੋਲ ਕੁਲ 43 ਕੌਸਲਰ ਹੁਣ ਮੌਜੂਦ ਹਨ ਪਰ ਇੰਨੇ ਜੋੜ ਤੋੜ ਤੋਂ ਬਾਅਦ ਵੀ ‘ਆਪ’ ਨੂੰ ਬਹੁਮਤ ਹਾਸਲ ਨਹੀਂ ਹੋਇਆ। ਹਾਲਾਂਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੈ ਤਲਵਾੜ ਕਈ ਵਾਰ ਦਾਅਵਾ ਕਰ ਚੁੱਕੇ ਹਨ ਕਿ ਮੇਅਰ ਕਾਂਗਰਸ ਦਾ ਹੀ ਹੋਵੇਗਾ। ਪਹਿਲਾਂ ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਉਹ ਭਾਜਪਾ ਨਾਲ ਹੱਥ ਮਿਲਾ ਕੇ ਮੇਅਰ ਬਣਾਉਣ, ਪਰ ਭਾਜਪਾ ਨੇ ਇਹ ਤਜ਼ਵੀਜ਼ ਠੁਕਰਾ ਦਿੱਤੀ। ਉਸ ਤੋਂ ਬਾਅਦ ਵੀ ਸੰਜੈ ਤਲਵਾੜ ਲਗਾਤਾਰ ਕਾਂਗਰਸੀ ਕੌਂਸਲਰ ਨੂੰ ਮੇਅਰ ਬਣਾਉਣ ਦਾ ਦਾਅਵਾ ਕਰ ਰਹੇ ਹਨ। ਕਾਂਗਰਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਸ਼ਹਿਰ ਨੂੰ ਨਵਾਂ ਮੇਅਰ ਮਿਲ ਜਾਏਗਾ। ਪਰ ਨਵੇਂ ਸਾਲ ਦੇ ਚਾਰ ਦਿਨ ਬੀਤ ਚੁੱਕੇ ਹਨ ਅਤੇ ਮੇਅਰ ਕੌਣ ਬਣੇਗਾ ਇਸ ਬਾਰੇ ਹਾਲੇ ਵੀ ਕੋਈ ਖ਼ਬਰ ਨਹੀਂ ਹੈ।
‘ਆਪ’ ਵੋਟਿੰਗ ਰਾਹੀਂ ਮੇਅਰ ਚੁਣਨ ਦੀ ਤਿਆਰੀ
ਕੁਝ ਦਿਨਾਂ ’ਚ ਨਗਰ ਨਿਗਮ ਹਾਊਸ ਦੀ ਮੀਟਿੰਗ ਬੁਲਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਵੋਟਿੰਗ ਰਾਹੀਂ ਮੇਅਰ ਦੀ ਚੋਣ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ‘ਆਪ’ ਆਪਣੇ ਵੱਲੋਂ ਮੇਅਰ ਦੇ ਅਹੁਦੇ ਲਈ ਉਮੀਦਵਾਰ ਖੜ੍ਹੇ ਕਰ ਸਕਦੀ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਵੀ ਤਿਆਰੀਆਂ ਕਰ ਲਈਆਂ ਹਨ ਕਿ ਜੇਕਰ ਮੇਅਰ ਦੀ ਚੋਣ ਵੋਟਿੰਗ ਰਾਹੀਂ ਕਰਨੀ ਹੈ ਤਾਂ ਉਹ ਆਪਣੇ ਉਮੀਦਵਾਰ ਦੀ ਚੋਣ ਕਰੇਗੀ ਜਿਸ ਤੋਂ ਬਾਅਦ ਹੁਣ ਪਾਰਟੀਆਂ ਨੂੰ ਹੋਣ ਵਾਲੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਕਰਾਸ ਵੋਟਿੰਗ ਦਾ ਖਤਰਾ ਮੰਡਰਾ ਰਿਹਾ ਹੈ। ਇਸ ਕਾਰਨ ਕਾਂਗਰਸ ਅਤੇ ਭਾਜਪਾ ਨੇ ਆਪਣੇ ਕੌਂਸਲਰਾਂ ਨੂੰ ਮਿਲ ਕੇ ਕੰਮ ਕਰਨ ਦੀ ਸਲਾਹ ਦਿੱਤੀ ਹੈ ਤਾਂ ਜੋ ਸੱਤਾਧਾਰੀ ‘ਆਪ’ ਨੂੰ ਮੇਅਰ ਦੇ ਅਹੁਦੇ ਤੋਂ ਹਟਾ ਕੇ ਕਿਸੇ ਤਰ੍ਹਾਂ ਮੇਅਰ ਦੇ ਅਹੁਦੇ ’ਤੇ ਕਬਜ਼ਾ ਕੀਤਾ ਜਾ ਸਕੇ।