ਨਿਗਮ ਕਮਿਸ਼ਨਰ ਵੱਲੋਂ ਓਪਨ ਹਾਊਸ ਸੈਸ਼ਨ
ਲੁਧਿਆਣਾ, 30 ਨਵੰਬਰ
ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਦਰਜਾ ਚਾਰ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਹੱਲ ਕੱਢਣ ਲਈ ਅੱਜ ਦੂਜੇ ਦਿਨ ਵੀ ਨਗਰ ਨਿਗਮ ਜ਼ੋਨ-ਡੀ ਦਫ਼ਤਰ ਵਿੱਚ ਓਪਨ ਹਾਊਸ ਸੈਸ਼ਨ ਕਰਵਾਇਆ। ਇਸ ਦੌਰਾਨ ਸਵੀਪਰਾਂ, ਸੀਵਰਮੈਨਾਂ ਤੇ ਬੇਲਦਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਬੰਧਿਤ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਜ਼ੋਨ-ਸੀ ਤੇ ਡੀ ਅਧੀਨ ਕੰਮ ਕਰਦੇ ਮੁਲਾਜ਼ਮਾਂ ਲਈ ਓਪਨ ਹਾਊਸ ਸੈਸ਼ਨ ਕਰਵਾਇਆ ਗਿਆ ਸੀ ਜਿਸ ਵਿੱਚ ਕੁੱਲ 40 ਮੁਲਾਜ਼ਮਾਂ ਨੇ ਆਪਣੀਆਂ ਸਮੱਸਿਆਵਾਂ ਪੇਸ਼ ਕੀਤੀਆਂ, ਜਿਸ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਸਬੰਧਤ ਅਧਿਕਾਰੀਆਂ ਨੂੰ ਦਰਜਾ-4 ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਅਤੇ ਸਮਾਂਬੱਧ ਤਰੀਕੇ ਨਾਲ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਓਪਨ ਹਾਊਸ ਸੈਸ਼ਨ ਦੌਰਾਨ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਨੀਰਜ ਜੈਨ, ਕਾਰਜਕਾਰੀ ਇੰਜਨੀਅਰ ਪਰਸ਼ੋਤਮ ਸਿੰਘ, ਸੀਐਸਆਈਜ਼, ਕਲਰਕ (ਸਿਹਤ ਸ਼ਾਖਾ) ਸਣੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਦਰਜਾ-4 ਕਰਮਚਾਰੀਆਂ ਨੇ ਤਨਖਾਹ ਵਿੱਚ ਦੇਰੀ, ਤਨਖਾਹ ਨਿਰਧਾਰਨ, ਈ.ਪੀ.ਐਫ ਅਤੇ ਈ.ਐਸ.ਆਈ.ਸੀ ਲਾਭਾਂ ਆਦਿ ਬਾਰੇ ਵੱਖ-ਵੱਖ ਮੁੱਦੇ ਉਠਾਏ।
ਬਹੁਤ ਸਾਰੇ ਵੱਧ ਉਮਰ ਦੇ ਕਰਮਚਾਰੀਆਂ (42 ਸਾਲ ਤੋਂ ਵੱਧ) ਨੇ ਆਪਣੀਆਂ ਨੌਕਰੀਆਂ ਰੈਗੂਲਰ ਕਰਨ ਦੀ ਮੰਗ ਕੀਤੀ। ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਕਿਹਾ ਕਿ ਇਹ ਮਾਮਲਾ ਰਾਜ ਪੱਧਰ ’ਤੇ ਵਿਚਾਰ ਅਧੀਨ ਹੈ ਅਤੇ ਉਹ ਇਸ ਮਾਮਲੇ ਨੂੰ ਸੀਨੀਅਰ ਅਧਿਕਾਰੀਆਂ ਕੋਲ ਉਠਾਉਣਗੇ। ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਦੱਸਿਆ ਕਿ ਦਰਜਾ-4 ਕਰਮਚਾਰੀਆਂ ਨੂੰ ਸਮੱਸਿਆਵਾਂ ਦੇ ਹੱਲ ਲਈ ਓਪਨ ਹਾਊਸ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ। ਜ਼ੋਨ ਏ ਅਤੇ ਬੀ ਅਧੀਨ ਕੰਮ ਕਰਦੇ ਕਰਮਚਾਰੀਆਂ ਦਾ ਸੈਸ਼ਨ ਬੀਤੇ ਦਿਨੀਂ ਤੇ ਜ਼ੋਨ ਸੀ ਅਤੇ ਡੀ ਅਧੀਨ ਕੰਮ ਕਰਦੇ ਕਰਮਚਾਰੀਆਂ ਦਾ ਸੈਸ਼ਨ ਸ਼ਨੀਵਾਰ ਨੂੰ ਆਯੋਜਿਤ ਕੀਤਾ ਗਿਆ ਸੀ। ਸਬੰਧਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਦਰਜਾ-4 ਕਰਮਚਾਰੀਆਂ ਦੁਆਰਾ ਉਜਾਗਰ ਕੀਤੇ ਗਏ ਮੁੱਦਿਆਂ ਨੂੰ ਹੱਲ ਕਰਨ ਅਤੇ ਇਸ ਬਾਰੇ ਇੱਕ ਰਿਪੋਰਟ ਅਤੇ ਜਵਾਬ ਸਮਾਂਬੱਧ ਢੰਗ ਨਾਲ ਪੇਸ਼ ਕਰਨ।