ਨਿਕਾਸੀ ਮਾਮਲਾ: ਪਾਈਪਾਂ ਦੇ ਟਰੱਕ ਪੁੱਜਣ ’ਤੇ ਮਸਲਾ ਹੱਲ ਹੋਣ ਦੀ ਆਸ
ਭਗਵਾਨ ਦਾਸ ਗਰਗ
ਨਥਾਣਾ, 2 ਜਨਵਰੀ
ਛੱਪੜਾਂ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਇਥੇ 121 ਦਿਨਾਂ ਤੋਂ ਪੱਕਾ ਮੋਰਚਾ ਚਲਾਇਆ ਜਾ ਰਿਹਾ ਹੈ। ਗੰਦੇ ਪਾਣੀ ਦੀ ਨਿਕਾਸੀ ਖਾਤਰ ਮੋਟੀਆਂ ਪਾਈਪਾਂ ਦੇ ਭਰੇ ਦਸ ਤੋਂ ਵੱਧ ਟਰਾਲੇ ਅੱਜ ਤੜਕਸਾਰ ਇੱਥੇ ਪੁੱਜਣ ਉਪਰੰਤ ਲੋਕਾਂ ਨੂੰ ਮਸਲੇ ਦਾ ਹੱਲ ਹੋਣ ਦੀ ਆਸ ਬੱਝੀ ਹੈ। ਅੱਜ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਸਵੰਤ ਸਿੰਘ ਗੋਰਾ, ਗੁਰਮੇਲ ਸਿੰਘ ਅਤੇ ਮਹਿਲਾ ਆਗੂ ਕਮਲਜੀਤ ਕੌਰ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਗਲੀਆਂ ’ਚ ਖੜ੍ਹੇ ਗੰਦੇ ਪਾਣੀ ਦੀ ਨਿਕਾਸੀ ਦਾ ਆਰਜ਼ੀ ਪ੍ਰਬੰਧ ਅਤੇ ਨਿਕਾਸੀ ਪਾਈਪਾਂ ਵਿਛਾਉਣ ਦਾ ਕੰਮ ਚਲਾਇਆ ਨਹੀ ਜਾਂਦਾ ਉਦੋਂ ਤੱਕ ਇਹ ਪੱਕਾ ਮੋਰਚਾ ਲਗਾਤਾਰ ਜਾਰੀ ਰਹੇਗਾ। ਇਸੇ ਦੌਰਾਨ ਪਾਈਪਾਂ ਦੇ ਟਰਾਲੇ ਪੁੱਜਦੇ ਸਾਰ ‘ਆਪ’ ਵਲੰਟੀਅਰ ਅਤੇ ਸੰਘਰਸ਼ਸ਼ੀਲ ਕਿਸਾਨਾਂ ਵਿਚਕਾਰ ਸੋਸ਼ਲ ਮੀਡੀਆ ’ਤੇ ਵਿਵਾਦ ਤੇਜ਼ ਹੋ ਗਿਆ ਹੈ। ‘ਆਪ’ ਵਾਲੰਟੀਅਰ ਪਾਈਪਾਂ ਮੰਗਵਾਉਣ ਨੂੰ ਹਲਕਾ ਵਿਧਾਇਕ ਦਾ ਉਪਰਾਲਾ ਦੱਸ ਕੇ ਸਿਹਰਾ ਲੈਣ ਦੇ ਯਤਨ ਕਰ ਰਹੇ ਹਨ ਜਦਕਿ ਕਿਸਾਨ ਵਰਕਰ ਸੰਘਰਸ਼ ਸਦਕਾ ਸਫ਼ਲਤਾ ਵੱਲ ਪਹਿਲਾ ਕਦਮ ਦੱਸ ਰਹੇ ਹਨ। ਧਰਨਾਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਵਿਧਾਇਕ ਆਪਣੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਅਜਿਹੀ ਸਮੱਸਿਆ ਹੱਲ ਕਰਵਾ ਲਵੇ। ਧਰਨਾਕਾਰੀ ਕਿਸਾਨ ਆਗੂਆਂ ਸਮੁੱਚੇ ਨਗਰ ਵਾਸੀਆਂ ਦਾ ਧੰਨਵਾਦ ਕਰਦਿਆਂ ਮੋਰਚੇ ਨਾਲ ਲਗਾਤਾਰ ਜੁੜੇ ਰਹਿਣ ਦੀ ਅਪੀਲ ਕੀਤੀ।