ਨਾਸਾ ਨਾਲ ਖੋਜ ਸਹਾਇਕ ਵਜੋਂ ਜੁੜੇਗਾ ਪੀ.ਏ.ਯੂ. ਦਾ ਸਾਬਕਾ ਵਿਦਿਆਰਥੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਸਾਬਕਾ ਵਿਦਿਆਰਥੀ ਤਜਿੰਦਰ ਸਿੰਘ ਜਨਵਰੀ 2025 ਤੋਂ ਨਾਸਾ ਨਾਲ ਖੋਜ ਸਹਾਇਕ ਵਜੋਂ ਕਾਰਜ ਆਰੰਭੇਣਗੇ। ਤਜਿੰਦਰ ਸਿੰਘ ਦਾ ਕਾਰਜ ਸਥਾਨ ਨਾਸਾ ਗੋਡਾਰਡ ਸਪੇਸ ਫਲਾਈਟ ਕੇਂਦਰ ਮੈਰੀਲੈਂਡ ਅਮਰੀਕਾ ਹੋਵੇਗਾ। ਤਜਿੰਦਰ ਨਾਲ ਬੌਟਨੀ ਵਿਭਾਗ ਨੇ ਇੱਕ ਵਿਸ਼ੇਸ਼ ਵਾਰਤਾ ਵੀ ਕਰਵਾਈ। ਇਸ ਸੰਵਾਦ ਦੌਰਾਨ ਤਜਿੰਦਰ ਸਿੰਘ ਨੇ ਮੰਗਲ ਅਤੇ ਦੂਸਰੇ ਗ੍ਰਹਿਆਂ ਤੇ ਜੀਵਨ ਦੀਆਂ ਸੰਭਾਵਨਾਵਾਂ ਬਾਰੇ ਗੱਲਬਾਤ ਕੀਤੀ। ਇਸ ਭਾਸ਼ਣ ਵਿਚ ਉਨ੍ਹਾਂ ਯੂਨੀਵਰਸਿਟੀ ਆਫ ਨੇਵਾਡਾ, ਲਾਸ ਵੇਗਾਸ ਵਿੱਚ ਐੱਮਐੱਸਸੀ ਦੀ ਖੋਜ ਦੌਰਾਨ ਹਾਸਲ ਕੀਤੇ ਤਜਰਬੇ ਸਾਂਝੇ ਕੀਤੇ।
ਤਜਿੰਦਰ ਸਿੰਘ ਨੇ ਬ੍ਰਹਿਮੰਡ ਦੇ ਹੋਰ ਗ੍ਰਹਿਆਂ ਉੱਪਰ ਜੀਵਾਣੂਆਂ ਦੀ ਹੋਂਦ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਮੰਗਲ ਅਤੇ ਹੋਰ ਗ੍ਰਹਿਆਂ ਦੀ ਸਤਹ ਨੂੰ ਸਮਝਣ ਲਈ ਜੀਵਾਣੂਆਂ ਦੀ ਬਣਤਰ ਬਾਰੇ ਗੱਲ ਹੋਣੀ ਜ਼ਰੂਰੀ ਹੈ। ਉਨ੍ਹਾਂ ਪੁਲਾੜ ਸਬੰਧੀ ਖੋਜ ਸਾਧਾਰਨ ਵਿਦਿਆਰਥੀਆਂ ਤੱਕ ਪਹੁੰਚਾਉਣ ਦੇ ਨਾਲ-ਨਾਲ ਅੰਤਰ ਅਨੁਸ਼ਾਸਨੀ ਵਿਗਿਆਨਕ ਖੋਜ ਅਤੇ ਅਧਿਆਪਨ ਵਿਧੀ ਵਿਕਸਿਤ ਕਰਨ ’ਤੇ ਵੀ ਜ਼ੋਰ ਦਿੱਤਾ। ਇਸ ਦੌਰਾਨ ਤਜਿੰਦਰ ਸਿੰਘ ਨੇ ਹਾਜ਼ਰ ਸਰੋਤਿਆਂ ਨਾਲ ਆਪਣੇ ਅਧਿਆਪਨ ਦੌਰਾਨ ਹਾਸਲ ਕੀਤੀਆਂ ਧਾਰਨਾਵਾਂ ਵਿਸਥਾਰ ਨਾਲ ਸਾਂਝੀਆਂ ਕੀਤੀਆਂ। ਪੀ.ਏ.ਯੂ. ਦੇ ਉਪ ਡਾ. ਸਤਿਬੀਰ ਸਿੰਘ ਗੋਸਲ ਨੇ ਤਜਿੰਦਰ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਭਵਿੱਖ ਵਿਚ ਇਸ ਵਿਸ਼ੇ ਬਾਰੇ ਨਵੇਂ ਨਤੀਜੇ ਸਾਹਮਣੇ ਲਿਆਉਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ।