ਨਾਮਧਾਰੀ ਸ਼ਹੀਦਾਂ ਦੀ ਯਾਦ ਵਿੱਚ ਧਾਰਮਿਕ ਸਮਾਗਮ
ਸੰਤੋਖ ਗਿੱਲ
ਰਾਏਕੋਟ, 6 ਅਗਸਤ
ਰਾਏਕੋਟ ਦੇ ਨਾਮਧਾਰੀ ਸ਼ਹੀਦੀ ਸਮਾਰਕ ਵਿੱਚ ਸ਼ਹੀਦ ਮੰਗਲ ਸਿੰਘ, ਸ਼ਹੀਦ ਗੁਰਮੁਖ ਸਿੰਘ ਅਤੇ ਸ਼ਹੀਦ ਮਸਤਾਨ ਸਿੰਘ ਦੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ ਸਤਿਗੁਰੂ ਉਦੈ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਆਸਾ ਦੀ ਵਾਰ ਦੇ ਕੀਰਤਨ ਨਾਲ ਹੋਈ ਅਤੇ ਬਾਅਦ ਵਿੱਚ ਪਾਠ ਦੇ ਭੋਗ ਪਾਏ ਗਏ। ਧਾਰਮਿਕ ਦੀਵਾਨ ਦੌਰਾਨ ਸ਼ਹੀਦ ਮੰਗਲ ਸਿੰਘ, ਗੁਰਮੁਖ ਸਿੰਘ ਅਤੇ ਮਸਤਾਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸੂਬਾ ਹਰਭਜਨ ਸਿੰਘ, ਸੂਬਾ ਬਲਵਿੰਦਰ ਸਿੰਘ ਝੱਲ ਅਤੇ ਸੁਰਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ ਬਰਤਾਨਵੀ ਸਾਮਰਾਜ ਦੀ ਜਾਬਰ ਹਕੂਮਤ ਖ਼ਿਲਾਫ਼ ਜਦੋਂ ਕੋਈ ਮੂੰਹ ਖੋਲ੍ਹਣ ਦੀ ਹਿੰਮਤ ਨਹੀਂ ਕਰਦਾ ਸੀ, ਉਸ ਵੇਲੇ ਨਾਮਧਾਰੀ ਸ਼ਹੀਦਾਂ ਨੇ ਜਾਨ ਦੀ ਅਹੂਤੀ ਦੇ ਕੇ ਹਕੂਮਤ ਨੂੰ ਝੁਕਾਇਆ ਸੀ। ਅੰਗਰੇਜ਼ ਹਕੂਮਤ ਨੇ ਤਿੰਨ ਨਾਮਧਾਰੀ ਸਿੰਘਾਂ ਨੂੰ ਅੱਜ ਦੇ ਦਿਨ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਨੌਜਵਾਨਾਂ ਨੂੰ ਆਜ਼ਾਦੀ ਦੀ ਲੜਾਈ ’ਚ ਨਾਮਧਾਰੀ ਸ਼ਹੀਦਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਕੁਲਵੰਤ ਸਿੰਘ, ਸੋਹਣ ਸਿੰਘ ਬਰ੍ਹਮੀ, ਜੋਗਿੰਦਰ ਸਿੰਘ, ਚਰਨਜੀਤ ਸਿੰਘ, ਨਿਰਮਲ ਸਿੰਘ ਵਿਰਕ, ਭੁਪਿੰਦਰ ਸਿੰਘ ਛਾਪਾ, ਨਿਰਮਲ ਸਿੰਘ ਭੱਟੀ, ਹਰਮੇਸ਼ ਸਿੰਘ ਮਾਲੇਰਕੋਟਲਾ ਨੇ ਸਮਾਗਮ ’ਚ ਹਾਜ਼ਰੀ ਭਰੀ।