ਨਾਮਜ਼ਦਗੀ ਮੌਕੇ ਇੱਕੋਂ ਮੰਚ ’ਤੇ ਇਕੱਠੇ ਹੋਏ ਵੜਿੰਗ ਤੇ ਆਸ਼ੂ
ਆਸ਼ੂ ਦੀ ਜਿੱਤ 2027 ਦੀ ਕਾਂਗਰਸ ਸਰਕਾਰ ਦੀ ਨੀਂਹ ਰੱਖੇਗੀ: ਵੜਿੰਗ
ਗਗਨਦੀਪ ਅਰੋੜਾ
ਲੁਧਿਆਣਾ, 29 ਮਈ
ਪਿਛਲੇ ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਰਜ਼ਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਵਿਚਾਲੇ ਚੱਲ ਰਹੀ ਖਿੱਚੋਤਾਣ ਆਖ਼ਰਕਾਰ ਅੱਜ ਖਤਮ ਹੁੰਦੀ ਦਿਖਾਈ ਦਿੱਤੀ। ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਅੱਜ ਨਾਮਜ਼ਦਗੀ ਦਾਖਲ ਕਰਨ ਸਮੇਂ ਰਾਜਾ ਵੜਿੰਗ ਤੇ ਆਸ਼ੂ ਇੱਕੋਂ ਮੰਚ ’ਤੇ ਬੈਠੇ। ਆਪਣੇ ਸੰਬੋਧਨ ਵਿੱਚ ਰਾਜਾ ਵੜਿੰਗ ਨੇ ਆਸ਼ੂ ਦੀਆਂ ਤਾਰੀਫ਼ਾਂ ਕੀਤੀਆਂ ਤੇ ਦਾਅਵਾ ਕੀਤਾ ਕਿ ਕਾਂਗਰਸ ਇਹ ਚੋਣਾਂ ਜਰੂਰ ਜਿੱਤੇਗੀ। ਉਧਰ, ਦੋਵਾਂ ਆਗੂਆਂ ਵਿਚਕਾਰ ਜੋ ਵੀ ਮਤਭੇਦ ਸਨ, ਉਨ੍ਹਾਂ ਨੂੰ ਸੁਲਝਾਉਣ ਵਿੱਚ ਅਹਿਮ ਭੂਮਿਕਾ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਅਮੇਠੀ ਦੇ ਸੰਸਦ ਮੈਂਬਰ ਕਿਸ਼ੋਰੀ ਲਾਲ ਸ਼ਰਮਾ ਨੇ ਨਿਭਾਈ, ਜੋ ਰਾਹੁਲ ਗਾਂਧੀ ਦੇ ਬਹੁਤ ਨੇੜੇ ਹਨ।
ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀਰਵਾਰ ਨੂੰ ਪੱਛਮੀ ਹਲਕੇ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਸਨ ਜਿਸ ਲਈ ਉਸ ਨੇ ਸਾਰੇ ਵਰਕਰਾਂ ਅਤੇ ਆਗੂਆਂ ਨੂੰ ਫਿਰੋਜ਼ਪੁਰ ਰੋਡ ’ਤੇ ਸਥਿਤ ਆਪਣੇ ਮੁੱਖ ਚੋਣ ਦਫ਼ਤਰ ਵਿੱਚ ਸੱਦਾ ਦਿੱਤਾ ਸੀ। ਇਸ ਗੱਲ ਦੀ ਚਰਚਾ ਸੀ ਕਿ ਰਾਜਾ ਵੜਿੰਗ ਆਸ਼ੂ ਦੀ ਨਾਮਜ਼ਦਗੀ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ। ਉਹ ਸਵੇਰੇ ਹੀ ਆਸ਼ੂ ਦੇ ਮੁੱਖ ਚੋਣ ਦਫ਼ਤਰ ਪਹੁੰਚ ਗਏ। ਆਸ਼ੂ ਨੇ ਕਿਹਾ ਕਿ ਅੱਜ ਸਾਰਿਆਂ ਦੇ ਸਵਾਲ ਖਤਮ ਹੋ ਗਏ ਹਨ। ਹੁਣ ਉਨ੍ਹਾਂ ਦੀ ਬਜਾਏ, ਲੋਕਾਂ ਨੂੰ ਵਿਰੋਧੀ ਪਾਰਟੀਆਂ ਤੋਂ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਨੇਤਾ ਕਿੱਥੇ ਹਨ। ਕਾਂਗਰਸ ਪੰਜਾਬ ਮੁਖੀ ਉਨ੍ਹਾਂ ਦੇ ਨਾਲ ਖੜ੍ਹੇ ਹਨ ਅਤੇ ਚੋਣਾਂ ਲੜਨ ਲਈ ਅੱਗੇ ਆ ਰਹੇ ਹਨ। ਅੱਜ ਰਾਜਾ ਵੜਿੰਗ ਨੇ ਵੀ ਆਸ਼ੂ ਦੀ ਵੀ ਕਾਫ਼ੀ ਤਾਰੀਫ਼ ਕੀਤੀ ਅਤੇ ਕਿਹਾ ਕਿ ਮੈਂ ਆਪਣੇ ਭਰਾਂ ਲਈ ਵੋਟਾਂ ਮੰਗਣ ਗਲੀ ਗਲੀ ਜਾਉਂਗਾ। ਆਸ਼ੂ ਦੀ ਜਿੱਤ 2027 ਵਿੱਚ ਕਾਂਗਰਸ ਸਰਕਾਰ ਬਣਾਉਣ ਦਾ ਨੀਂਹ ਪੱਥਰ ਰੱਖੇਗੀ।
ਨਾਮਜ਼ਦਗੀ ਦੌਰਾਨ ਅਮੇਠੀ ਦੇ ਸੰਸਦ ਮੈਂਬਰ ਕੇਐਲ ਸ਼ਰਮਾ, ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ, ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਸਾਬਕਾ ਕੈਬਨਿਟ ਮੰਤਰੀ ਸ਼ਿਆਮ ਸੁੰਦਰ ਅਰੋੜਾ, ਰਾਕੇਸ਼ ਪਾਂਡੇ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਜਥੇਦਾਰ ਬਲਵਿੰਦਰ ਸਿੰਘ ਬੈਂਸ ਅਤੇ ਹੋਰ ਆਗੂ ਮੌਜੂਦ ਸਨ।
ਚੋਣ ਦਫ਼ਤਰ ਪਹੁੰਚੇ ਵੱਡੀ ਗਿਣਤੀ ਪਾਰਟੀ ਵਰਕਰ
ਸਾਬਕਾ ਕੈਬਨਿਟ ਮੰਤਰੀ ਨੇ ਸੰਧੂ ਟਾਵਰ ਨੇੜੇ ਆਪਣਾ ਚੋਣ ਦਫ਼ਤਰ ਸਥਾਪਤ ਕੀਤਾ ਹੈ। ਜਿੱਥੇ ਵੀਰਵਾਰ ਨੂੰ ਨਾਮਜ਼ਦਗੀ ਤੋਂ ਪਹਿਲਾਂ ਸਮਰਥਕਾਂ ਦੀ ਭਾਰੀ ਭੀੜ ਪਹੁੰਚ ਗਈ। 200 ਦੇ ਕਰੀਬ ਸਮਰਥਕਾਂ ਦਾ ਕਾਫ਼ਲਾ ਉੱਥੇ ਸੀ। ਫਿਰੋਜ਼ਪੁਰ ਰੋਡ ’ਤੇ ਪੂਰਾ ਜਾਮ ਸੀ ਜਿਸ ਕਾਰਨ ਸਾਬਕਾ ਕੈਬਨਿਟ ਮੰਤਰੀ ਵਾਹਨਾਂ ਦਾ ਕਾਫਲਾ ਲੈਣ ਦੀ ਬਜਾਏ, ਆਪਣੇ ਸਾਰੇ ਸਾਥੀਆਂ ਸਮੇਤ ਪੈਦਲ ਮਾਰਚ ਕਰਕੇ ਡੀਸੀ ਦਫ਼ਤਰ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਸਾਰੇ ਸਮਰਥਕ ਵੀ ਉਨ੍ਹਾਂ ਦੇ ਨਾਲ ਆਏ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਆਸ਼ੂ ਨੇ ਕਿਹਾ ਕਿ ਉਹ ਲੋਕਾਂ ਸਾਹਮਣੇ ਝੋਲੀ ਫੈਲਾ ਕੇ ਵੋਟਾਂ ਮੰਗ ਰਹੇ ਹਨ।
ਕੇਜਰੀਵਾਲ ਨੂੰ ਦਿੱਲੀ ਵਾਪਸ ਭੇਜਾਂਗੇ: ਚੰਨੀ
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਿਵੇਂ ਅੰਗਰੇਜ਼ਾਂ ਨੂੰ ਭਜਾ ਦਿੱਤਾ ਗਿਆ ਸੀ, ਉਸੇ ਤਰ੍ਹਾਂ ਪੰਜਾਬ ਦੇ ਲੋਕ ਕੇਜਰੀਵਾਲ ਨੂੰ ਦਿੱਲੀ ਭਜਾ ਦੇਣਗੇ। ਕੇਜਰੀਵਾਲ ਲੋਕਾਂ ਨੂੰ ਗੁੰਮਰਾਹ ਕਰਕੇ ਰਾਜ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਹੈ। ਇਹ ਲੜਾਈ ਭਾਰਤ ਭੂਸ਼ਣ ਆਸ਼ੂ ਅਤੇ ਸੰਜੀਵ ਅਰੋੜਾ ਵਿਚਕਾਰ ਨਹੀਂ ਹੈ, ਸਗੋਂ ਇਹ ਪੰਜਾਬ ਅਤੇ ਕੇਜਰੀਵਾਲ ਦੀ ਲੜਾਈ ਹੈ। ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਖੁਸ਼ੀ ਦਾ ਦਿਨ ਹੈ ਕਿ ਆਸ਼ੂ ਅੱਜ ਆਪਣੀ ਨਾਮਜ਼ਦਗੀ ਦਾਖਲ ਕਰ ਰਹੇ ਹਨ। ਬੈਂਸ ਨੇ ਕਿਹਾ ਕਿ ਕਾਂਗਰਸ ਪੱਛਮੀ ਹਲਕੇ ਵਿੱਚ ਇੱਕਜੁੱਟ ਹੋ ਕੇ ਵੱਡੇ ਫਰਕ ਨਾਲ ਜਿੱਤੇਗੀ। ‘ਆਪ’ ਪਾਰਟੀ ਸਿਰਫ਼ ਦਾਅਵੇ ਕਰਦੀ ਹੈ। ਜ਼ਮੀਨੀ ਪੱਧਰ ’ਤੇ ਕੋਈ ਕੰਮ ਨਹੀਂ ਕੀਤਾ ਗਿਆ। ਉਪ ਚੋਣ ਵਿੱਚ ਵੋਟਰ ਕਾਂਗਰਸ ਦੇ ਹੱਕ ਵਿੱਚ ਵੱਡਾ ਫਤਵਾ ਦੇਣਗੇ।