ਨਾੜ ਨੂੰ ਲਾਈ ਅੱਗ ਨੇ ਜੰਗਲਾਤ ਵਿਭਾਗ ਦੇ ਦਰੱਖ਼ਤ ਵੀ ਸਾੜੇ
ਦੇਵਿੰਦਰ ਸਿੰਘ ਜੱਗੀ
ਪਾਇਲ, 21 ਮਈ
ਖੰਨਾ ਤੋਂ ਮਾਲੇਰਕੋਟਲਾ ਮੁੱਖ ਮਾਰਗ ’ਤੇ ਈਸੜੂ ਇਲਾਕੇ ਦੀਆਂ ਲਿੰਕ ਸੜਕਾਂ ’ਤੇ ਕਣਕ ਦੇ ਨਾੜ ਨੂੰ ਲਾਈ ਅੱਗ ਨੇ ਵੱਡੀ ਗਿਣਤੀ ਦਰੱਖ਼ਤ ਵੀ ਆਪਣੀ ਲਪੇਟ ਵਿੱਚ ਲੈ ਲਏ ਹਨ। ਖੰਨਾ-ਮਾਲੇਰਕੋਟਲਾ ਸੜਕ ’ਤੇ ਪਿੰਡ ਫ਼ਤਹਿਪੁਰ ਲਾਗੇ ਤੇ ਨਸਰਾਲੀ ਬੱਸ ਸਟੈਂਡ ਕੋਲ ਕਣਕ ਦੇ ਨਾੜ ਨੂੰ ਲਾਈ ਅੱਗ ਨੇ ਹਰੇ-ਭਰੇ ਦਰੱਖ਼ਤ ਸਾੜ ਦਿੱਤੇ ਹਨ ਪਰ ਹਾਲੇ ਤੱਕ ਜੰਗਲਾਤ ਵਿਭਾਗ ਨੇ ਇਸ ਸਬੰਧ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਹੈ।
ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਕਿਹਾ ਕਿ ਕਣਕ ਦੇ ਸ਼ੀਜਨ ਦੌਰਾਨ ਹਰ ਸਾਲ ਹਰੇ ਭਰੇ ਰੁੱਖ ਵੱਡੀ ਗਿਣਤੀ ਵਿੱਚ ਅੱਗ ਦਾ ਸ਼ਿਕਾਰ ਹੁੰਦੇ ਹਨ ਉੱਥੇ ਪੰਛੀ ਵੀ ਆਪਣੇ ਆਲਣਿਆਂ ਤੋਂ ਬੇਘਰ ਹੋ ਜਾਂਦੇ ਹਨ ਤੇ ਛੋਟੇ ਬੱਚੇ ਵੀ ਅੱਗ ਨਾਲ ਸੜਕੇ ਮਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਦੇ ਅਧਿਕਾਰੀ ਇਸ ਸਬੰਧ ਵਿੱਚ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਸਮਝਦੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਜੰਗਲਾਤ ਵਿਭਾਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਤੋਂ ਮੰਗ ਕੀਤੀ ਹੈ ਕਿ ਰੁੱਖਾਂ ਦਾ ਨੁਕਸਾਨ ਕਰਨ ਵਾਲਿਆਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਰੇਜ ਅਫਸਰ ਦੋਰਾਹਾ ਕਮਲਪ੍ਰੀਤ ਸਿੰਘ ਕੋਲੋਂ ਈਸੜੂ ਖੇਤਰ ਵਿੱਚ ਅੱਗ ਨਾਲ ਦਰੱਖ਼ਤਾਂ ਦੇ ਹੋਏ ਨੁਕਸਾਨ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅੱਗਿਓਂ ਪੁੱਛ ਕੇ ਦੱਸਣਗੇ ।