ਨਾਜਾਇਜ਼ ਖਣਨ: ਸਤਲੁਜ ਦਰਿਆ ’ਤੇ ਧਰਨੇ ਮਗਰੋਂ ਚੱਕਾ ਜਾਮ
ਜਮਹੂਰੀ ਕਿਸਾਨ ਸਭਾ, ਪੰਜਾਬ ਕਿਸਾਨ ਸਭਾ ਅਤੇ ਸੀਟੂ ਦੇ ਆਗੂਆਂ ਦੀ ਅਗਵਾਈ ਹੇਠ ਅੱਜ ਨਾਜਾਇਜ਼ ਖਣਨ ਖ਼ਿਲਾਫ਼ ਕਾਰਵਾਈ ਕਰਦਿਆਂ ਨੇੜਲੇ ਸਤਲੁਜ ਦਰਿਆ ਦੇ ਪੁਲ ’ਤੇ ਧਰਨਾ ਲਾ ਕੇ ਚੱਕਾ ਜਾਮ ਕਰ ਦਿੱਤਾ ਗਿਆ। ਜਲੰਧਰ-ਜਗਰਾਉਂ ਮੁੱਖ ਮਾਰਗ ’ਤੇ ਜਾਮ ਲੱਗਣ ਦੀ ਸੂਚਨਾ ਮਿਲਣ ’ਤੇ ਸਥਾਨਕ ਅਧਿਕਾਰੀ ਮੌਕੇ ’ਤੇ ਪਹੁੰਚੇ। ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਮਾਈਨਿੰਗ ਬੰਦ ਕਰਵਾਉਣ ਦਾ ਭਰੋਸਾ ਦਿੱਤਾ ਜਿਸ ਮਗਰੋਂ ਧਰਨਾ ਚੁੱਕਿਆ ਗਿਆ ਤੇ ਆਵਾਜਾਈ ਬਹਾਲ ਹੋਈ।
ਉਪਰੋਕਤ ਜਥੇਬੰਦੀਆਂ ਨੇ ਕੁਝ ਦਿਨ ਪਹਿਲਾਂ ਥਾਣਾ ਸਿੱਧਵਾਂ ਬੇਟ ਮੂਹਰੇ ਪ੍ਰਦਰਸ਼ਨ ਕਰ ਕੇ ਨਾਜਾਇਜ਼ ਖਣਨ ਰੋਕਣ ਦੀ ਮੰਗ ਕੀਤੀ ਸੀ ਅਤੇ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਅੱਜ ਦੇ ਦਿਨ ਜਲੰਧਰ-ਜਗਰਾਉਂ ਮੁੱਖ ਮਾਰਗ ’ਤੇ ਚੱਕਾ ਜਾਮ ਦੀ ਚਿਤਾਵਨੀ ਵੀ ਦਿੱਤੀ ਗਈ ਸੀ।
ਸੀਟੂ ਦੇ ਸੂਬਾਈ ਆਗੂ ਕਾਮਰੇਡ ਅਮਰਨਾਥ ਕੂੰਮ ਕਲਾਂ ਤੇ ਦਲਜੀਤ ਕੁਮਾਰ ਗੋਰਾ, ਜਮਹੂਰੀ ਕਿਸਾਨ ਸਭਾ ਦੇ ਬਲਰਾਜ ਸਿੰਘ ਕੋਟਉਮਰਾ, ਕਾਮਰੇਡ ਬਲਜੀਤ ਸਿੰਘ ਗੋਰਸੀਆਂ ਤੇ ਕਾਮਰੇਡ ਗੁਰਦੀਪ ਸਿੰਘ ਨੇ ਧਰਨੇ ਦੀ ਅਗਵਾਈ ਕੀਤੀ। ਜਲੰਧਰ ਜ਼ਿਲ੍ਹੇ ਵਿੱਚੋਂ ਤਹਿਸੀਲ ਮਹਿਤਪੁਰ ਦੇ ਨਾਇਬ ਤਹਿਸੀਲਦਾਰ ਅਤੇ ਲੁਧਿਆਣਾ ਜ਼ਿਲ੍ਹੇ ਵਿੱਚੋਂ ਸਿੱਧਵਾਂ ਬੇਟ ਤਹਿਸੀਲ ਦੇ ਨਾਇਬ ਤਹਿਸੀਲਦਾਰ ਮੌਕੇ ’ਤੇ ਪਹੁੰਚੇ। ਇਸੇ ਤਰ੍ਹਾਂ ਦੋਵੇਂ ਜ਼ਿਲ੍ਹਿਆਂ ਦੇ ਪੁਲੀਸ ਅਧਿਕਾਰੀ ਵੀ ਧਰਨੇ ਵਾਲੀ ਥਾਂ ਪਹੁੰਚੇ। ਇਨ੍ਹਾਂ ਅਧਿਕਾਰੀਆਂ ਨਾਲ ਤਿੰਨ ਘੰਟੇ ਚੱਲੀ ਗੱਲਬਾਤ ਮਗਰੋਂ ਇਸ ਗੱਲ ’ਤੇ ਸਮਝੌਤਾ ਹੋਇਆ ਕਿ ਨਾਜਾਇਜ਼ ਚਣਨ ਕਰਨ ਵਾਲਿਆਂ ’ਤੇ ਤਿੰਨ ਦਿਨ ਦੇ ਅੰਦਰ ਬਣਦੀ ਕਾਰਵਾਈ ਕੀਤੀ ਜਾਵੇਗੀ। ਸਹਿਮਤੀ ਬਣਨ ਮਗਰੋਂ ਧਰਨਾਕਾਰੀਆਂ ਨੇ ਮੁੱਖ ਮੰਤਰੀ ਦੇ ਨਾਂ ਇਨ੍ਹਾਂ ਅਧਿਕਾਰੀਆਂ ਨੂੰ ਮੰਗ-ਪੱਤਰ ਵੀ ਸੌਂਪਿਆ।