ਨਾਜਾਇਜ਼ ਕਬਜ਼ਾ ਮਾਮਲੇ ਵਿੱਚ ਅਦਾਲਤ ਵੱਲੋਂ ਮੁਲਜ਼ਮ ਤਲਬ
ਸੰਤੋਖ ਗਿੱਲ
ਗੁਰੂਸਰ ਸੁਧਾਰ, 14 ਜੂਨ
ਪਿੰਡ ਕੈਲੇ ਦੀ ਆਂਗਣਵਾੜੀ ਦੀ ਪੰਚਾਇਤੀ ਜ਼ਮੀਨ ’ਤੇ ਫ਼ਰਜ਼ੀ ਦਸਤਾਵੇਜ਼ਾਂ ਸਹਾਰੇ ਨਾਜਾਇਜ਼ ਕਬਜ਼ਾ ਕਰਨ ਦੇ ਮਾਮਲੇ ਵਿੱਚ ਜਗਰਾਉਂ ਸਥਿਤ ਜੱਜ ਸਾਕਸ਼ੀ ਚੌਧਰੀ ਦੀ ਅਦਾਲਤ ਨੇ ਮੁੱਢਲੀ ਸੁਣਵਾਈ ਬਾਅਦ ਪਿੰਡ ਕੈਲੇ ਵਾਸੀ ਮੁਲਜ਼ਮ ਗੁਰਮੁਖ ਸਿੰਘ, ਮਨਪਵਿੱਤਰ ਸਿੰਘ ਅਤੇ ਧਰਮ ਸਿੰਘ ਨੂੰ ਅਦਾਲਤ ਵਿੱਚ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਪਿੰਡ ਕੈਲੇ ਵਾਸੀ ਗੁਰਦੀਪ ਸਿੰਘ ਦੀ ਲਿਖਤੀ ਸ਼ਿਕਾਇਤ ਦੇ ਬਾਵਜੂਦ ਲੁਧਿਆਣਾ (ਦਿਹਾਤੀ) ਪੁਲੀਸ ਵੱਲੋਂ ਚਾਰ ਸਾਲ ਤੱਕ ਕੋਈ ਕਾਰਵਾਈ ਨਾ ਕਰਨ ਦੇ ਮਾਮਲੇ ਦੀ ਸੁਣਵਾਈ ਬਾਅਦ ਅਦਾਲਤ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਬਲਾਕ ਵਿਕਾਸ ਅਫ਼ਸਰ ਪੱਖੋਵਾਲ ਵੱਲੋਂ ਥਾਣਾ ਸੁਧਾਰ ਦੇ ਮੁੱਖ ਅਫ਼ਸਰ ਨੂੰ ਵੀ ਮੁਲਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ 10 ਫਰਵਰੀ ਨੂੰ ਆਦੇਸ਼ ਦਿੱਤੇ ਗਏ ਸਨ, ਪਰ ਇਸ ਦੇ ਬਾਵਜੂਦ ਪੁਲੀਸ ਵੱਲੋਂ ਇਹ ਮਾਮਲਾ ਠੰਢੇ ਬਸਤੇ ਵਿੱਚ ਹੀ ਪਾ ਦਿੱਤਾ ਗਿਆ ਸੀ। ਜ਼ਿਲ੍ਹਾ ਪੁਲੀਸ ਮੁਖੀ ਦਫ਼ਤਰ ਦੇ ਰਿਕਾਰਡ ਕੀਪਰ ਹਵਾਲਦਾਰ ਨਵਦੀਪ ਸਿੰਘ, ਪੰਚਾਇਤ ਸਕੱਤਰ ਕਰਮਦੀਪ ਚੰਦੇਲ, ਪੰਜਾਬ ਵਕਫ਼ ਬੋਰਡ ਦੇ ਅਸਟੇਟ ਅਫ਼ਸਰ ਮੁਹੰਮਦ ਅਯੂਬ, ਨੰਬਰਦਾਰ ਜਸਵਿੰਦਰ ਸਿੰਘ, ਚੌਕੀਦਾਰ ਜੀਵਨ ਸਿੰਘ ਅਤੇ ਸਰਪੰਚ ਦਰਸ਼ਨ ਕੌਰ ਵੱਲੋਂ ਅਦਾਲਤ ਸਾਹਮਣੇ ਦਰਜ ਕਰਵਾਏ ਬਿਆਨਾਂ ਦੇ ਅਧਾਰ ’ਤੇ ਮੁਲਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਕਫ਼ ਬੋਰਡ ਦੇ ਅਸਟੇਟ ਅਫ਼ਸਰ ਮੁਹੰਮਦ ਅਯੂਬ ਨੇ ਅਦਾਲਤ ਸਾਹਮਣੇ ਖ਼ੁਲਾਸਾ ਕੀਤਾ ਕਿ 1993 ਵਿੱਚ ਜ਼ੁਲਫਕਾਰ ਅਲੀ ਨਾਂ ਦਾ ਕੋਈ ਮੁੱਖ ਕਾਰਜਕਾਰੀ ਅਧਿਕਾਰੀ ਵਕਫ਼ ਬੋਰਡ ਵਿੱਚ ਤਾਇਨਾਤ ਹੀ ਨਹੀਂ ਸੀ ਅਤੇ ਉਨ੍ਹਾਂ ਲੀਜ਼ ਦੇ ਫ਼ਰਜ਼ੀ ਹੋਣ ਦੀ ਪੁਸ਼ਟੀ ਕੀਤੀ ਹੈ।