ਨਾਜਾਇਜ਼ ਅਸਲੇ ਸਣੇ ਅੱਠ ਗ੍ਰਿਫ਼ਤਾਰ
ਅੰਮ੍ਰਿਤਸਰ, 1 ਜੂਨ
ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਅੱਠ ਪਿਸਤੌਲ ਅਤੇ ਗੋਲੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮਾਂ ਦੀ ਪਛਾਣ ਫਤਿਹ ਸਿੰਘ ਉਰਫ ਗਾਂਧੀ, ਰਣਜੀਤ ਸਿੰਘ ਉਰਫ ਕਾਲਾ ਅਤੇ ਜਗਰੂਪ ਸਿੰਘ ਉਰਫ ਲੱਲੀ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਪੰਜ ਗਲੋਕ ਪਿਸਤੌਲ, ਦੋ ਪਿਸਤੌਲ ਪੁਆਇੰਟ 30 ਬੋਰ ਦੇ, ਇੱਕ ਜਿਗਾਣਾ ਪਿਸਤੌਲ, ਪੁਆਇੰਟ 30 ਬੋਰ ਤੇ 10 ਰੋਂਦ, ਤਿੰਨ ਮੋਬਾਈਲ ਫੋਨ ਅਤੇ ਇਕ ਮੋਟਰਸਾਈਕਲ ਬਰਾਮਦ ਹੋਇਆ ਹੈ। ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਸੂਹ ਦੇ ਆਧਾਰ ’ਤੇ ਸਪੈਸ਼ਲ ਸੈਲ ਦਿਹਾਤੀ ਦੀ ਪੁਲੀਸ ਨੇ ਪਿੰਡ ਬਰਾੜ ਤੋਂ ਪਿੰਡ ਕੁਹਾਲਾ ਨੂੰ ਜਾਂਦੀ ਲਿੰਕ ਸੜਕ ਤੋਂ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਲੋਪੋਕੇ ਵਿੱਚ ਅਸਲਾ ਐਕਟ ਹੇਠ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਾਕਿਸਤਾਨੀ ਤਸਕਰ ਰਾਣਾ ਦੇ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਵਿੱਚ ਸਨ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।