ਨਾਕੇ ’ਤੇ ਟੱਲੀ ਪੁਲੀਸ ਮੁਲਾਜ਼ਮ ਦੀ ਵੀਡੀਓ ਵਾਇਰਲ
ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਮਈ
ਮੋਗਾ-ਲੁਧਿਆਣਾ ਅੰਤਰ ਜ਼ਿਲ੍ਹਾ ਨਾਕੇ ’ਤੇ ਕਥਿਤ ਸ਼ਰਾਬ ਦੇ ਨਸ਼ੇ ’ਚ ਟੱਲੀ ਪੁਲੀਸ ਮੁਲਾਜ਼ਮ ਦੀ ਸੋਸ਼ਲ ਮੀਡੀਆ ਉੱਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਨਿਹਾਲ ਸਿੰਘ ਵਾਲਾ ਐਟ ਬੱਧਨੀ ਕਲਾਂ ਦੇ ਡੀਐੱਸਪੀ ਅਨਵਰ ਅਲੀ ਨੇ ਆਖਿਆ ਕਿ ਇਸ ਨਾਕੇ ਉੱਤੇ ਤਾਇਨਾਤ ਪੁਲੀਸ ਮੁਲਾਜ਼ਮ ਦੀ ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇੱਥੇ ਜੋ ਹਾਦਸਾ ਹੋਇਆ ਉਹ ਗੱਡੀਆਂ ਦੀ ਓਵਰ ਸਪੀਡ ਤੇ ਓਵਰ ਟੇਕ ਕਾਰਨ ਹੋਇਆ।
ਮੋਗਾ-ਲੁਧਿਆਣਾ ਅੰਤਰ ਜ਼ਿਲ੍ਹਾ ਨਾਕੇ ’ਤੇ ਕਥਿਤ ਸ਼ਰਾਬ ਦੇ ਨਸ਼ੇ ’ਚ ਟੱਲੀ ਪੁਲੀਸ ਮੁਲਾਜ਼ਮ ਦੀ ਵੀਡੀਓ ਬਣਾ ਕੇ ਰਾਹਗੀਰਾਂ ਨੇ ਵਾਇਰਲ ਕਰ ਦਿੱਤੀ। ਇਸ ਕਾਰਨ ਹੁਣ ਪੰਜਾਬ ਪੁਲੀਸ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿਭਾਗ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ। ਇਸ ਦੌਰਾਨ ਇੱਥੇ ਰਾਤ ਨੂੰ ਹਾਦਸਾ ਹੋਇਆ ਅਤੇ ਤੇਜ਼ ਰਫ਼ਤਾਰ ਗੱਡੀ ਬੈਰੀਕੇਡ ਨਾਲ ਜਾ ਟਕਰਾਈ ਹੈ। ਵੀਡੀਓ ਵਿੱਚ ਪੁਲੀਸ ਮੁਲਾਜ਼ਮ ਇੰਝ ਲੱਗਦਾ ਹੈ ਜਿਵੇਂ ਨਸ਼ੇ ਵਿੱਚ ਬੈਠਾ ਹੋਵੇ। ਇਸ ਮੌਕੇ ਜਦੋਂ ਉਸ ਨਾਲ ਗੱਲਬਾਤ ਕੀਤੀ ਤਾਂ ਉਹ ਸਹੀ ਤਰੀਕੇ ਨਾਲ ਕੁਝ ਵੀ ਬੋਲ ਨਹੀਂ ਸੀ ਸਕਿਆ। ਇਸ ਤੋਂ ਬਾਅਦ ਲੋਕਾਂ ਨੇ ਪੁਲੀਸ ਮੁਲਾਜ਼ਮ ’ਤੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਦੇ ਇਲਜ਼ਾਮ ਲਗਾਏ ਹਨ। ਉਸ ਦਾ ਮੈਡੀਕਲ ਕਰਵਾਇਆ ਗਿਆ ਹੈ।