ਨਾਕਸ ਬਿਜਲੀ ਸਪਲਾਈ ਤੋਂ ਅੱਕੇ ਸ਼ਿਵਾ ਐਨਕਲੇਵ ਵਾਸੀਆਂ ਵੱਲੋਂ ਪ੍ਰਦਰਸ਼ਨ
ਜ਼ੀਰਕਪੁਰ, 14 ਜੂਨ
ਭਬਾਤ ਇਲਾਕੇ ਦੀ ਸ਼ਿਵਾ ਐਨਕਲੇਵ ਵਿੱਚ ਢਿੱਲੀਆਂ ਤਾਰਾਂ ਅਤੇ ਨਾਕਸ ਬਿਜਲੀ ਸਪਲਾਈ ਤੋਂ ਅੱਕੇ ਲੋਕਾਂ ਨੇ ਲੰਘੀ ਦੇਰ ਸ਼ਾਮ ਪਾਵਰਕੌਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਮੁਜ਼ਹਰਾਕਾਰੀਆਂ ਵਿੱਚ ਔਰਤਾਂ ਦੀ ਗਿਣਤੀ ਵੱਧ ਸੀ, ਜਿਨ੍ਹਾਂ ਨੇ ਸੜਕ ’ਤੇ ਬੈਠ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸੜਕ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਛੇਤੀ ਸਮੱਸਿਆ ਦਾ ਹੱਲ ਹੋਣ ਦਾ ਭਰੋਸਾ ਦੇ ਕੇ ਲੋਕਾਂ ਨੂੰ ਸ਼ਾਂਤ ਕੀਤਾ। ਇਸ ਦੌਰਾਨ ਲੱਗੇ ਜਾਮ ਵਿੱਚ ਦਫ਼ਤਰਾਂ ਤੋਂ ਘਰ ਜਾਣ ਦੀ ਕੋਸ਼ਿਸ਼ ਕਰ ਰਹੇ ਵਾਹਨ ਚਾਲਕਾਂ ਦੀ ਤਾਦਾਤ ਵੱਧ ਸੀ ਜਿਨ੍ਹਾਂ ਨੂੰ ਘੰਟਿਆਂਬੱਧੀ ਖੱਜਲ-ਖੁਆਰ ਹੋਣਾ ਪਿਆ।
ਮੁਜ਼ਹਰਾਕਾਰੀਆਂ ਨੇ ਦੋਸ਼ ਲਾਇਆ ਕਿ ਅਤਿ ਦੀ ਗਰਮੀ ਵਿੱਚ ਬਿਜਲੀ ਦੀ ਸਪਲਾਈ ਪੂਰੀ ਨਾ ਹੋਣ ਕਾਰਨ ਉਨ੍ਹਾਂ ਦੇ ਘਰੇਲੂ ਕੰਮ ਪ੍ਰਭਾਵਿਤ ਹੋ ਰਹੇ ਹਨ ਅਤੇ ਉਨ੍ਹਾਂ ਦਾ ਸਮਾਂ ਲੰਘਾਉਣਾ ਔਖਾ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਦੇ ਅਧਿਕਾਰੀ ਰੋਜ਼ਾਨਾ ਅਗਾਊਂ ਕੋਈ ਜਾਣਕਾਰੀ ਦਿੱਤੇ ਘੰਟਿਆਂਬੱਧੀ ਕੱਟ ਲਾ ਰਹੇ ਹਨ। ਸੰਪਰਕ ਕਰਨ ’ਤੇ ਕੋਈ ਪਾਵਰਕੌਮ ਦਾ ਅਧਿਕਾਰੀ ਫੋਨ ਨਹੀਂ ਚੁੱਕਦਾ ਅਤੇ ਜੇਕਰ ਚੁੱਕ ਲਾਏ ਤਾਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੰਦਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਹੱਲ ਨਾ ਹੋਈ ਤਾਂ ਉਹ ਜਾਮ ਲਾਉਣ ਲਈ ਮਜਬੂਰ ਹੋਣਗੇ।
ਐਕਸੀਅਨ ਵੱਲੋਂ ਸਮੱਸਿਆ ਜਲਦੀ ਹੱਲ ਕਰਵਾਉਣ ਦਾ ਭਰੋਸਾ
ਪਾਵਰਕੌਮ ਦੇ ਐਕਸੀਅਨ ਸੁਰਿੰਦਰ ਸਿੰਘ ਨੇ ਕਿਹਾ ਕਿ ਮੰਗ ਵੱਧਣ ਕਾਰਨ ਇਹ ਪ੍ਰੇਸ਼ਾਨੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕਲੋਨੀ ਵਿੱਚ ਸਪਲਾਈ ਦੌਰਾਨ ਤਕਨੀਕੀ ਨੁਕਸ ਆ ਗਿਆ ਸੀ ਜਿਸ ਨੂੰ ਸਮੇਂ ਰਹਿੰਦੇ ਠੀਕ ਕਰਵਾ ਦਿੱਤਾ ਸੀ। ਉਨ੍ਹਾਂ ਢਿੱਲੀਆਂ ਤਾਰਾਂ ਦੀ ਸਮੱਸਿਆ ਦਾ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ।